ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਂਢੀ ਮੁਲਕ ਕੈਨੇਡਾ ਨਾਲ ਸਾਰੇ ਵਪਾਰਕ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਵਧਾਉਣ ਲਈ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਬਾਰੇ ਸੋਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਅਮਰੀਕਾ ਨੇ ਕੁਝ ਦੇਸ਼ਾਂ ਨਾਲ ਕੁਝ ਵੱਡੀਆਂ ਡੀਲਜ਼ ਕੀਤੀਆਂ ਹਨ, ਜਿਨ੍ਹਾਂ ‘ਚ ਇੰਗਲੈਂਡ ਤੇ ਚੀਨ ਸ਼ਾਮਲ ਹਨ। ਗਲੋਬਲ ਪੱਧਰ ‘ਤੇ ਵਪਾਰੀਕਰਨ ਨੂੰ ਵਧਾਉਣ ਲਈ ਅਮਰੀਕਾ ਹੁਣ ਭਾਰਤ ਨਾਲ ਵਪਾਰ ਦੇ ਰਸਤੇ ‘ਚ ਆਉਣ ਵਾਲੇ ਸਾਰੇ ‘ਟ੍ਰੇਡ ਬੈਰੀਅਰਜ਼’ ਹਟਾਉਣ ਬਾਰੇ ਸੋਚ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਚੀਨ ਨਾਲ ਵੀ ਵਪਾਰ ਵਧਾਉਣ ਬਾਰੇ ਸੋਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਭ ਇੰਨਾ ਆਸਾਨ ਨਹੀਂ ਹੈ, ਤੁਸੀਂ ਭਾਰਤ ‘ਚ ਸਿੱਧੇ ਜਾ ਕੇ ਵਪਾਰ ਨਹੀਂ ਕਰ ਸਕਦੇ, ਇਸ ਦੇ ਲਈ ਕੁਝ ਨਿਯਮ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਹੁਣ ਖ਼ਤਮ ਕਰ ਕੇ ਭਾਰਤ ਨਾਲ ਖੁੱਲ੍ਹ ਕੇ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਹਾਂ।