ਇੰਟਰਨੈਸ਼ਨਲ – ਭਾਰਤ ਦੇ ਦੋਸਤ ਦੇਸ਼ ਰੂਸ ਨੇ ਪਾਕਿਸਤਾਨ ਨਾਲ ਇਕ ਆਧੁਨਿਕ ਸਟੀਲ ਪਲਾਂਟ ਦੇ ਨਿਰਮਾਣ ਲਈ ਸਮਝੌਤੇ ਨੂੰ ਆਖ਼ਰੀ ਰੂਪ ਦਿੱਤਾ ਹੈ। ਇਹ ਸਮਝੌਤਾ 2015 ਵਿਚ ਬੰਦ ਪਏ ਸੋਵੀਅਤ ਨਿਰਮਿਤ ਸਟੀਲ ਪਲਾਂਟ ਨੂੰ ਮੁੜ ਚਾਲੂ ਕਰੇਗਾ।
ਪਾਕਿਸਤਾਨੀ ਅਧਿਕਾਰੀਆਂ ਅਤੇ ਰੂਸੀ ਪ੍ਰਤੀਨਿਧੀ ਡੈਨਿਸ ਨਜ਼ਰੂਫ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਪਾਕਿਸਤਾਨ ਦੀ ਸਾਲਾਨਾ ਸਟੀਲ ਬਰਾਮਦ ਨੂੰ 30 ਫੀਸਦੀ ਤੱਕ ਘੱਟ ਕਰਨਾ ਹੈ, ਜਿਸ ਨਾਲ 11.2 ਮਿਲੀਅਨ ਮੀਟ੍ਰਿਕ ਟਨ ਖਪਤ ਅੰਤਰ ਨਾਲ ਜੁੜੇ 2.6 ਬਿਲੀਅਨ ਡਾਲਰ ਦੇ ਬਰਾਮਦ ਬਿਲ ਵਿਚ ਕਮੀ ਆਏਗੀ।
ਸ਼ਹਿਬਾਜ਼ ਸ਼ਰੀਫ ਨਾਲ 2.6 ਬਿਲੀਅਨ ਡਾਲਰ ਦੇ ਮੈਗਾ-ਸਮਝੌਤੇ ਨੇ ਪੁਤਿਨ ਦੇ ਇਸਲਾਮਾਬਾਦ ਵੱਲ ਵਧਦੇ ਝੁਕਾਅ ਨੂੰ ਲੈ ਕੇ ਦਿੱਲੀ ਵਿਚ ਰੋਸ ਪੈਦਾ ਕਰ ਦਿੱਤਾ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਰਥਿਕ ਸਬੰਧ ਡੂੰਘੇ ਫੌਜੀ ਅਤੇ ਤਕਨੀਕੀ ਸਹਿਯੋਗ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ। ਭਾਰਤ ਦੇ ਕੱਟੜ ਵਿਰੋਧੀ ਵੱਲ ਪੁਤਿਨ ਦੇ ਝੁਕਾਅ ਨੇ ਪੂਰੇ ਸਾਊਥ ਬਲਾਕ ਵਿਚ ਚਿੰਤਾ ਵਧਾ ਦਿੱਤੀ ਹੈ।
ਪਾਕਿਸਤਾਨ ਅਤੇ ਰੂਸ ਪਿਛਲੇ ਕਈ ਸਾਲਾ ਤੋਂ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਗੈਸ ਪਾਈਪਲਾਈਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ 2023 ਵਿਚ ਕੱਚੇ ਤੇਲ ਨੂੰ ਲੈ ਕੇ ਇਕ ਸਮਝੌਤਾ ਵੀ ਕੀਤਾ ਸੀ। ਇਸ ਸਮਝੌਤੇ ਅਧੀਨ ਪਾਕਿਸਤਾਨ ਨੂੰ ਸਸਤੇ ਮੁੱਲ ’ਤੇ ਤੇਲ ਦੀ ਸਪਲਾਈ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਰੂਸ ਦਰਮਿਆਨ ਸਿੱਧੀ ਸਮੁੰਦਰੀ ਕਾਰਗੋ ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ ਹੈ।