ਵੈੱਬ : ਬਠਿੰਡਾ ‘ਚ ਚਾਰ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਲਈ ਲੋੜੀਂਦੇ ਸਿੱਖ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਰੋਂ ਨੂੰ ਦੁਬਈ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਦੌਰਾਨ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਰੋਂ ਤੋਂ ਉਸ ਦੇ ਵੀਜ਼ਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਸ ਦਾ ਸਾਰਾ ਭੇਦ ਖੁੱਲ੍ਹ ਗਿਆ।
ਬਠਿੰਡਾ ਪੁਲਸ ਨੇ ਗ੍ਰਿਫਤਾਰੀ ਤੋਂ ਕੀਤਾ ਇਨਕਾਰ
ਇਸ ਸਬੰਧੀ ਡੀਐੱਸਪੀ ਸਿਟੀ 2 ਨੇ ਦੱਸਿਆ ਕਿ ਥਾਣਾ ਕੈਂਟ ਬਠਿੰਡਾ ਵਿਖੇ ਸਾਲ 2025 ਦੌਰਾਨ ਮੁਕਦਮਾ ਨੰਬਰ 106 ਇੱਕ ਲੜਕੀ ਦੇ ਕਤਲ ਸਬੰਧੀ ਦਰਜ ਕੀਤਾ ਗਿਆ ਸੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮਕ ਵਿਅਕਤੀ ਨੂੰ ਦੋਸ਼ੀ ਨੋਮੀਨੇਟ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ (UAE) ਚਲਾ ਗਿਆ ਹੈ। ਇਸ ਸਬੰਧੀ ਕੁਝ ਨਿਊਜ਼ ਚੈਨਲਾਂ ਵੱਲੋਂ ਇਹ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂਏਈ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਡੀਐਸਪੀ ਨੇ ਕਿਹਾ ਕਿ ਅਸੀਂ ਸਪਸ਼ਟ ਕਰਦੇ ਹਾਂ ਕਿ ਬਠਿੰਡਾ ਪੁਲਸ ਨੂੰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਵੀ ਅਧਿਕਾਰਿਤ ਪੁਸ਼ਟੀ ਜਾਂ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਅਧਿਕਾਰਿਤ ਤੌਰ ‘ਤੇ ਪ੍ਰਾਪਤ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

