ਅੰਮ੍ਰਿਤਸਰ-ਰਾਵੀ ਦਰਿਆ ਦੇ ਰਾਮਦਾਸ ਅਤੇ ਅਜਨਾਲਾ ਪਿੰਡਾਂ ਵਿਚ ਪਾਣੀ ਨਾਲ ਹੋਏ ਨੁਕਸਾਨ ਬਾਰੇ ਸਹੀ ਅੰਕੜੇ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ 23 ਹਜ਼ਾਰ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ, 93 ਪਿੰਡ ਪ੍ਰਭਾਵਿਤ ਹੋਏ ਹਨ, 49 ਘਰ ਢਹਿਢੇਰੀ ਹੋ ਗਏ ਹਨ, 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਹਜ਼ਾਰ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਹੁਣ ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਪੁਨਰਵਾਸ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਤਾਇਨਾਤ ਸੈਕਟਰ ਅਫ਼ਸਰ ਕਮਲ ਕਿਸ਼ੋਰ ਯਾਦਵ, ਬਸੰਤ ਗਰਗ, ਵਰੁਣ ਰੂਜਮ ਅਤੇ ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਆਈ ਕੁਦਰਤੀ ਆਫ਼ਤ ਉਹ ਸੋਚ ਤੋਂ ਪਰੇ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਸਮੇਂ ਸਿਰ ਟੀਮਾਂ ਨੂੰ ਸਰਗਰਮ ਕਰ ਕੇ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਰੋਕਿਆ। ਹੁਣ ਲੋਕਾਂ ਨੂੰ ਵਸਾਉਣ ਲਈ ਕੰਮ ਸ਼ੁਰੂ ਕਰਨਾ ਹੈ, ਜਿਸ ਲਈ ਸਾਰੇ ਵਿਭਾਗ ਤਿਆਰ ਰਹਿਣ। ਇਨ੍ਹਾਂ ਕੰਮਾਂ ਵਿਚ ਸੜਕਾਂ ਅਤੇ ਪੁਲਾਂ ਦੀ ਮੁਰੰਮਤ, ਬਿਜਲੀ ਸਪਲਾਈ ਬਹਾਲ ਕਰਨਾ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਡਾਕਟਰੀ ਸਹੂਲਤਾਂ ਸ਼ੁਰੂ ਕਰਨਾ ਸ਼ਾਮਲ ਹੈ।