ਅੰਮ੍ਰਿਤਸਰ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਨੂੰ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ‘ਚ ਵੱਡੀ ਤਾਕਤ ਮਿਲੀ, ਜਦੋਂ ਜ਼ਿਲ੍ਹੇ ਦੀਆਂ 715 ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤੇ ਪਾ ਕੇ ਐਲਾਨ ਕੀਤਾ ਕਿ ਪੰਚਾਇਤਾਂ ਨਸ਼ਾ ਵੇਚਣ ਵਾਲੇ, ਲੁੱਟਾਂ-ਖੋਹਾਂ ਕਰਨ ਵਾਲੇ ਜਾਂ ਕੋਈ ਵੀ ਅਪਰਾਧਿਕ ਕਾਰਵਾਈ ਕਰਨ ਵਾਲੇ ਵਿਅਕਤੀ ਦੀ ਹਮਾਇਤ ਵਿਚ ਪੁਲਸ ਕੋਲ ਨਹੀਂ ਜਾਣਗੀਆਂ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਜਿਨ੍ਹਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੰਚਾਇਤਾਂ ਦਾ ਸਾਥ ਲੈਣ ਲਈ ਤੋਰਿਆ ਸੀ ਨੇ ਇਹ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਅਸੀਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਾਂ ਪੰਜਾਬ ਵਿੱਚੋਂ ਨਸ਼ਾ ਮੁਕਾਉਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਾਉਣਾ ਪਵੇਗਾ, ਸੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਲੋਕਾਂ ਦੀ ਹਮਾਇਤ ਵਿਚ ਪੁਲਸ ਕੋਲ ਨਾ ਜਾਓ, ਬਲਕਿ ਪੁਲਸ ਨੂੰ ਅਜਿਹੇ ਵਿਅਕਤੀਆਂ ਨਾਲ ਲੜਨ ਲਈ ਹੌਸਲਾ ਦਿਓ ਅਤੇ ਨਸ਼ੇ ਦੇ ਖਾਤਮੇ ਲਈ ਜ਼ਿਲਾ ਪ੍ਰਸ਼ਾਸਨ ਦਾ ਸਾਥ ਲਵੋ।