ਅੰਮ੍ਰਿਤਸਰ ਦੇ ਲੋਪੋਕੇ ਥਾਣਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਦੌਰਾਨ ਵੱਡੀ ਕਾਰਵਾਈ ਕਰਦਿਆਂ 3 ਕਿਲੋ 29 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਨੂਰਪੁਰ, ਤਹਿਸੀਲ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 22 ਲੱਖ ਰੁਪਏ ਅੰਕਿਤ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਸੂਚਨਾ ਵਿੱਚ ਦੱਸਿਆ ਗਿਆ ਸੀ ਕਿ ਮੁਲਜ਼ਮ ਦੇ ਪਾਕਿਸਤਾਨ ਅਧਾਰਿਤ ਨਸ਼ਾ ਤਸਕਰਾਂ ਨਾਲ ਸੰਪਰਕ ਹਨ ਅਤੇ ਉਹ ਅਟਾਰੀ ਸਰਹੱਦ ਰਾਹੀਂ ਡਰੋਨ ਅਤੇ ਹੋਰ ਸਾਧਨਾਂ ਨਾਲ ਭੇਜੀਆਂ ਜਾ ਰਹੀਆਂ ਹੈਰੋਇਨ ਦੀਆਂ ਖੇਪਾਂ ਨਾਲ ਜੁੜਿਆ ਹੋਇਆ ਹੈ।
ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ 3 ਕਿਲੋ 29 ਗ੍ਰਾਮ ਹੈਰੋਇਨ ਦੇ ਨਾਲ ਇੱਕ ਮੋਟਰਸਾਈਕਲ, ਇੱਕ ਮੋਬਾਈਲ ਫੋਨ ਅਤੇ ਇੱਕ ਹਜ਼ਾਰ ਰੁਪਏ ਨਕਦ ਵੀ ਬਰਾਮਦ ਕੀਤੇ ਹਨ।
ਫਿਲਹਾਲ ਪੁਲਿਸ ਪੂਰੇ ਤਸਕਰੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਹੋਰ ਕਿਹੜੇ ਲੋਕਾਂ ਨਾਲ ਸੰਪਰਕ ਸਨ, ਸਰਹੱਦ ਪਾਰ ਤਸਕਰਾਂ ਨਾਲ ਉਸਦਾ ਨੈੱਟਵਰਕ ਕਿਵੇਂ ਬਣਿਆ ਅਤੇ ਉਹ ਹੁਣ ਤੱਕ ਕਿੰਨੀ ਵਾਰ ਡਰੋਨ ਰਾਹੀਂ ਭੇਜੀਆਂ ਗਈਆਂ ਹੈਰੋਇਨ ਦੀਆਂ ਖੇਪਾਂ ਦੀ ਸਪਲਾਈ ਵਿੱਚ ਸ਼ਾਮਲ ਰਿਹਾ। ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

