ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਉਸ ਵੇਲੇ ਸਾਰਿਆਂ ਦੇ ਸਾਹ ਸੁੱਕ ਗਏ ਜਦੋਂ ਬੰਦ ਫਾਟਕਾਂ ਦੇ ਵਿਚਾਲੇ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਫਸ ਗਿਆ ਅਤੇ ਉਪਰੋਂ ਰੇਲ ਗੱਡੀ ਵੀ ਆ ਗਈ। ਇਹ ਮੰਜ਼ਰ ਦੇਖ ਉਥੇ ਖੜ੍ਹੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਘਟਨਾ ਅੰਮ੍ਰਿਤਸਰ ਦੇ ਕੋਟ ਖਾਲਸਾ ਫਾਟਕ ਦੀ ਹੈ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਬੱਚਿਆਂ ਨਾਲ ਭਰਿਆ ਆਟੋ ਜਿਸ ਪੱਟੜੀ ‘ਤੇ ਖੜ੍ਹਾ ਸੀ, ਟਰੇਨ ਉਸ ਤੋਂ ਅਗਲੀ ਪੱਟੜੀ ਤੋਂ ਨਿਕਲ ਗਈ। ਆਟੋ ਵਿਚ 10 ਤੋਂ ਵੱਧ ਬੱਚੇ ਸਵਾਰ ਸਨ।
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਪੱਟੜੀਆਂ ‘ਤੇ ਬੱਚਿਆਂ ਦੇ ਆਟੋ ਤੋਂ ਇਲਾਵਾ ਇਕ ਹੋਰ ਈ-ਰਿਕਸ਼ਾ ਵੀ ਖੜ੍ਹਾ ਸੀ। ਲੋਕਾਂ ਦਾ ਆਖਣਾ ਸੀ ਕਿ ਰੇਲਵੇ ਫਾਟਕਾਂ ‘ਤੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ। ਆਟੋ ਚਾਲਕ ਨੇ ਸਕੂਲੀ ਬੱਚਿਆਂ ਦੀ ਜਾਨ ਵੱਡੇ ਖਤਰੇ ਵਿਚ ਪਾ ਦਿੱਤੀ। ਜੇਕਰ ਦੂਜੇ ਟਰੈਕ ‘ਤੇ ਵੀ ਟਰੇਨ ਆ ਜਾਂਦੀ ਤਾਂ ਕਿੰਨੇ ਘਰਾਂ ਦੇ ਚਿਰਾਗ ਬੁੱਝ ਜਾਣੇ ਸੀ। ਇਸ ਲਾਪਰਵਾਹੀ ਲਈ ਆਟੋ ਚਾਲਕ ‘ਤੇ ਰੇਲਵੇ ਦੇ ਅਧਿਕਾਰੀਆਂ ਅਤੇ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।