ਲੁਧਿਆਣਾ : ਲੁਧਿਆਣਾ ਤੋਂ ਸਵੇਰੇ-ਸਵੇਰੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦਰਦਨਾਕ ਹਾਦਸੇ ਵਿਚ 1 ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਵਿਦਿਆਰਥੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਅਖਾੜੇ ਵਾਲਾ ਪੁਲ਼ ‘ਤੇ ਧਰਨਾ ਲਗਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਨਮਤੀ ਸਕੂਲ ਜਗਰਾਉਂ ਦੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਟੱਕਰ ਨਾਲ ਇਕ ਵਿਦਿਆਰਥੀ ਬੱਸ ਤੋਂ ਬਾਹਰ ਆ ਡਿੱਗਿਆ, ਜਿਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚਾ ਪਹਿਲੀ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਘੱਟੋ-ਘੱਟ 3 ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਤੇ ਪਿੰਡਾਂ ਦੇ ਮੋਹਤਬਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉੱਥੇ ਚੀਕ-ਚਿਹਾੜਾ ਮੱਚ ਗਿਆ। ਮਾਪਿਆ ਵਲੋਂ ਦੋਸ਼ ਹੈ ਕਿ ਵਿਦਿਆਰਥੀਆਂ ਨਾਲ ਇੰਨੀ ਵੱਡੀ ਘਟਨਾ ਵਾਪਰ ਜਾਣ ਦੇ ਬਾਵਜੂਦ ਅਜੇ ਤਕ ਸਕੂਲ ਤੋਂ ਕੋਈ ਵੀ ਮੌਕੇ ‘ਤੇ ਨਹੀਂ ਪਹੁੰਚਿਆ।