ਜਲੰਧਰ/ਨਵੀਂ ਦਿੱਲੀ -ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਨਸ਼ਿਆਂ ਅਤੇ ਗੋਲਾ-ਬਾਰੂਦ ਸਮੇਤ ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ ’ਚ ਡਰੋਨਾਂ ਦੇ ਦਾਖਲੇ ਨੂੰ ਰੋਕਣ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 500 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੀ ਰਾਖੀ ਲਈ ਬੀ. ਐੱਸ. ਐੱਫ. ਕੋਲ ਇਸ ਵੇਲੇ ਤਕਰੀਬਨ 20 ਬਟਾਲੀਅਨਾਂ ਹਨ, ਜਿਨ੍ਹਾਂ ਵਿਚੋਂ 18 ਸਰਹੱਦ ’ਤੇ ਤਾਇਨਾਤ ਹਨ, ਜਦਕਿ ਬਾਕੀ 2 ਨੂੰ ਅੰਮ੍ਰਿਤਸਰ ’ਚ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਅਤੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਲੋੜਾਂ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ’ਤੇ 2019-20 ਦੇ ਆਸ-ਪਾਸ ਸ਼ੁਰੂ ਹੋਇਆ ਡਰੋਨਾਂ ਦਾ ਖ਼ਤਰਾ ਅੰਮ੍ਰਿਤਸਰ ਅਤੇ ਤਰਨਤਾਰਨ ਸਰਹੱਦੀ ਜ਼ਿਲਿਆਂ ਵਿਚ ਜ਼ਿਆਦਾ ਬਣਿਆ ਹੋਇਆ ਹੈ। ਪੰਜਾਬ ਸਰਹੱਦ ਦੀ ਬਿਹਤਰ ਸੁਰੱਖਿਆ ਲਈ ਬੀ. ਐੱਸ. ਐੱਫ. ਦੀ ਇਕ ਹੋਰ ਬਟਾਲੀਅਨ ਮੰਗੀ ਗਈ ਹੈ। ਇਹ ਬੇਨਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ। ਬੀ. ਐੱਸ. ਐੱਫ. ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜ਼ਲੇ ਨੇ ਹਾਲ ਹੀ ਵਿਚ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਹੁਣ ਜ਼ਮੀਨੀ ਰਸਤੇ ਦੀ ਬਜਾਏ ਡਰੋਨਾਂ ਰਾਹੀਂ ਨਸ਼ੇ ਪੰਜਾਬ ਵਿਚ ਭੇਜੇ ਜਾ ਰਹੇ ਹਨ।