ਉੱਤਰ-ਪੱਛਮੀ ਇੰਗਲੈਂਡ ਵਿੱਚ ਇੱਕ ਟੇਲਰ ਸਵਿਫਟ-ਥੀਮ ਵਾਲੇ ਸੰਗੀਤ ਸਮਾਰੋਹ ਵਿੱਚ ਦੋ ਬੱਚਿਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਸਣੇ ਨੌਂ ਹੋਰ ਲੋਕ ਜ਼ਖ਼ਮੀ ਹੋ ਗਏ। ਜਿੰਨ੍ਹਾਂ ਵਿੱਚੋਂ ਛੇ ਬੱਚਿਆਂ ਅਤੇ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਚ ਇੱਕ 17 ਸਾਲਾਂ ਸ਼ੱਕੀ ਨੌਜਵਾਨ ਨੂੰ ਚਾਕੂ ਸਮੇਤ ਹਿਰਾਸਤ ’ਚ ਲਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੇਰਸੀਸਾਈਡ ਪੁਲਿਸ ਚੀਫ ਕਾਂਸਟੇਬਲ ਸੇਰੇਨਾ ਕੈਨੇਡੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਬੱਚਿਆ ਸਣੇ ਕਈ ਲੋਕਾਂ ਨੂੰ ਗੰਭੀਰ ਹਾਲਤ ’ਚ ਜ਼ਖ਼ਮੀ ਪਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ 17 ਸਾਲਾਂ ਕਿਸ਼ੋਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੇਰਸੀਸਾਈਡ ਪੁਲਿਸ ਦੀ ਚੀਫ ਕਾਂਸਟੇਬਲ ਸੇਰੇਨਾ ਕੈਨੇਡੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਸਾਡਾ ਮੰਨਣਾ ਹੈ ਕਿ ਜ਼ਖ਼ਮੀ ਹੋਏ ਬਾਲਗ ਬਹਾਦਰੀ ਨਾਲ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਲਈ ਉਹ ਜ਼ਖ਼ਮੀ ਹੋ ਗਏ। ਮਰਸੀਸਾਈਡ ਪੁਲਿਸ ਨੇ ਕਿਹਾ ਕਿ ਹਮਲੇ ਦਾ ਉਦੇਸ਼ ਅਸਪਸ਼ਟ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦ ਨਾਲ ਸਬੰਧਤ ਨਹੀਂ ਸੀ ਅਤੇ ਉਹ ਚਾਕੂ ਮਾਰਨ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਸਨ।
ਇਸ ਦੇ ਨਾਲ ਹੀ ਇਸ ਚਾਕੂਬਾਜੀ ਦੀ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਕਿੰਗ ਚਾਰਲਸ ਦੋਵਾਂ ਨੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਸਟਾਰਮਰ ਨੇ ਪ੍ਰਸਾਰਕਾਂ ਨੂੰ ਕਿਹਾ ਕਿ ਅੱਜ ਦੀਆਂ ਘਟਨਾਵਾਂ ਸੱਚਮੁੱਚ ਭਿਆਨਕ ਹਨ ਅਤੇ ਮੈਂ ਜਾਣਦਾ ਹਾਂ ਕਿ ਅਸੀਂ ਜੋ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ ਉਸ ਤੋਂ ਪੂਰਾ ਦੇਸ਼ ਪੂਰੀ ਤਰ੍ਹਾਂ ਹੈਰਾਨ ਹੈ।
ਦੂਜੇ ਪਾਸੇ ਕਿੰਗ ਚਾਰਲਸ ਨੇ ਕਿਹਾ ਕਿ ਇਹ ਇੱਕ “ਸੱਚਮੁੱਚ ਭਿਆਨਕ ਹਮਲਾ” ਸੀ। ਮੈਂ ਅਤੇ ਮੇਰੀ ਪਤਨੀ ਅੱਜ ਸਾਊਥਪੋਰਟ ਵਿੱਚ ਵਾਪਰੀ ਅਤਿ ਭਿਆਨਕ ਘਟਨਾ ਬਾਰੇ ਸੁਣ ਕੇ ਬਹੁਤ ਸਦਮੇ ਵਿੱਚ ਹਾਂ। ਅਸੀਂ ਇਸ ਦੁਖਦਾਈ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਪਰਿਵਾਰਾਂ ਅਤੇ ਅਜ਼ੀਜ਼ਾਂ ਪ੍ਰਤੀ ਦਿਲੀ ਹਮਦਰਦੀ, ਪ੍ਰਾਰਥਨਾਵਾਂ ਅਤੇ ਡੂੰਘੀ ਹਮਦਰਦੀ ਭੇਜਦੇ ਹਾਂ।