ਗੋਰਾਇਆ — ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਵਿਖੇ ਹਾਦਸੇ ਦਾ ਸ਼ਿਕਾਰ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਉਸ ਵੇਲੇ ਧਮਾਕਾ ਹੋਇਆ ਜਦੋਂ ਬੱਸ ਦਾ ਟਾਇਰ ਅਚਾਨਕ ਬਲਾਸਟ ਹੋ ਗਿਆ, ਜਿਸ ਨਾਲ ਬੱਸ ਵਿੱਚ ਸਵਾਰ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਬਲਕਾਰ ਸਿੰਘ ਨੇ ਦੱਸਿਆ ਅੰਮ੍ਰਿਤਸਰ ਡੀਪੂ ਦੀ ਬੱਸ ਜੋ ਅੰਮ੍ਰਿਤਸਰ ਤੋਂ ਪਹੋਵਾ ਹਰਿਆਣਾ ਜਾ ਰਹੀ ਸੀ ਜਦੋਂ ਬੱਸ ਗੁਰਾਇਆ ਬੱਸ ਸਟੈਂਡ ਤੋਂ ਚੱਲੀ ਅਤੇ ਕੁਝ ਹੀ ਮੀਟਰ ਦੀ ਦੂਰੀ ‘ਤੇ ਬੱਸ ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਨਾਲ ਬੱਸ ਵਿੱਚ ਧੂਆਂ ਹੀ ਧੂਆਂ ਹੋ ਗਿਆ।
ਇਸ ਦੌਰਾਨ ਦੋ ਲੜਕੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਟਾਇਰ ਖ਼ਸਤਾ ਹਾਲਤ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਈ ਵਾਰ ਉਹ ਇਸ ਬਾਬਤ ਆਪਣੇ ਮਹਿਕਮੇ ਨੂੰ ਅਤੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਬੱਸ ‘ਚ 72 ਦੇ ਕਰੀਬ ਸਵਾਰੀਆਂ ਸਵਾਰ ਸਨ, ਜਿਨ੍ਹਾਂ ਵਿੱਚ ਛੋਟੇ ਛੋਟੇ ਬੱਚੇ ਵੀ ਸ਼ਾਮਲ ਸਨ। ਉਧਰ ਜ਼ਖ਼ਮੀ ਹੋਈ ਲੜਕੀਆਂ ਵਿੱਚੋਂ ਇਕ ਪਿਮਸ ਜਲੰਧਰ ਵਿੱਚ ਵਿਦਿਆਰਥਣ ਹੈ ਜਦਕਿ ਦੂਜੀ ਪਟਿਆਲਾ ਆਪਣੇ ਘਰ ਪਰਤ ਰਹੀ ਸੀ, ਜਿਸ ਦੇ ਫਰੈਕਚਰ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਫਿਲੌਰ ਵਿੱਚ ਲਿਜਾਇਆ ਗਿਆ ਹੈ।