ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਖੇਤਰ ‘ਚ ਪਿਛਲੇ 3 ਦਿਨਾਂ ਤੋਂ ਟਿਊਬਵੈੱਲ ਪੁੱਟਣ ਤੋਂ ਬਾਅਦ ਜ਼ਮੀਨਦੋਜ਼ ਪਾਣੀ ਦਾ ਹੜ੍ਹ ਆਉਣਾ ਸ਼ੁਰੂ ਹੋ ਗਿਆ ਸੀ, ਜੋ ਸੋਮਵਾਰ ਨੂੰ ਰੁਕ ਗਿਆ। ਜ਼ਮੀਨਦੋਜ਼ ਪਾਣੀ ਦਾ ਕੁਦਰਤੀ ਵਹਾਅ ਰੁਕ ਜਾਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਪਾਣੀ ਦੇ ਨਾਲ-ਨਾਲ ਗੈਸ ਦਾ ਲੀਕ ਹੋਣਾ ਵੀ ਬੰਦ ਹੋ ਗਿਆ ਹੈ।ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜੋ ਸਾਹਮਣੇ ਆਈ ਹੈ, ਉਹ ਇਹ ਹੈ ਕਿ ਜ਼ਮੀਨੀ ਪਾਣੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਵਿੱਚੋਂ ਟਰਸ਼ਰੀ ਕਾਲ ਦੀ ਰੇਤ ਨਿਕਲੀ ਹੈ। ਅਜਿਹੇ ‘ਚ ਇਸ ਗੱਲ ਦੀ ਸੰਭਾਵਨਾ ਹੈ ਕਿ ਜੋ ਪਾਣੀ ਨਿਕਲਿਆ ਹੈ, ਉਹ 60 ਲੱਖ ਸਾਲ ਪੁਰਾਣਾ ਹੋ ਸਕਦਾ ਹੈ।
ਅਜਿਹੀ ਸਥਿਤੀ ਵਿਚ ਇਸ ਦੇ ਅਧਿਐਨ ਦੀ ਲੋੜ ਹੈ ਅਤੇ ਇਸਦੇ ਲਈ ਬਹੁਤ ਸਾਰੇ ਖੂਹ ਪੁੱਟਣ ਦੀ ਲੋੜ ਹੈ।ਦਰਅਸਲ ਸੋਮਵਾਰ ਨੂੰ ਸੈਂਟਰਲ ਗਰਾਊਂਡ ਵਾਟਰ ਬੋਰਡ, ਆਈਆਈਟੀ ਜੋਧਪੁਰ ਸਮੇਤ ਸਟੇਟ ਗਰਾਊਂਡ ਵਾਟਰ ਬੋਰਡ ਦੇ ਇੰਚਾਰਜ ਅਤੇ ਸੀਨੀਅਰ ਭੂਮੀ ਜਲ ਵਿਗਿਆਨੀ ਡਾ. ਨਾਰਾਇਣ ਇੰਖੀਆ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇੱਥੇ ਬੋਰਿੰਗ ਵਾਲੀ ਥਾਂ ‘ਤੇ ਜ਼ਮੀਨ ਹੇਠਾਂ ਦੱਬੇ ਟਰੱਕਾਂ, ਮਸ਼ੀਨਾਂ ਆਦਿ ਨੂੰ ਕੱਢਣ ਲਈ ਓ. ਐੱਨ. ਜੀ. ਸੀ. ਤੋਂ ਤਕਨੀਕੀ ਮਦਦ ਮੰਗੀ ਗਈ ਹੈ ਤਾਂ ਜੋ ਪਾਣੀ ਮੁੜ ਵਗਣਾ ਸ਼ੁਰੂ ਨਾ ਹੋਵੇ।
ਜ਼ਮੀਨੀ ਪਾਣੀ ਦੇ ਮਾਹਿਰਾਂ ਨੇ ਇੱਥੇ ਹੈਰਾਨ ਕਰਨ ਵਾਲੀ ਗੱਲ ਕਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਾਣੀ ਦੇ ਨਾਲ-ਨਾਲ ਜੋ ਰੇਤ ਨਿਕਲੀ ਹੈ, ਉਸ ਦਾ ਸਬੰਧ ਟਰਸ਼ਰੀ ਕਾਲ ਨਾਲ ਹੈ ਅਤੇ ਅਜਿਹੀ ਸਥਿਤੀ ‘ਚ ਜ਼ਮੀਨ ‘ਚੋਂ ਨਿਕਲਣ ਵਾਲੇ ਪਾਣੀ ਦੇ ਲੱਖਾਂ ਸਾਲ ਪੁਰਾਣੇ ਹੋਣ ਦੀ ਸੰਭਾਵਨਾ ਹੈ।