ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਫੈਸਲੇ ‘ਤੇ ਚੁਟਕੀ ਲਈ ਹੈ, ਜਿਸ ‘ਚ ਉਨ੍ਹਾਂ ਨੇ ਅਗਲੇ ਦੋ ਦਿਨਾਂ ‘ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਅੰਨਾ ਹਜ਼ਾਰੇ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਿ ਤੁਹਾਨੂੰ ਰਾਜਨੀਤੀ ‘ਚ ਨਹੀਂ ਆਉਣਾ ਚਾਹੀਦਾ, ਸਗੋਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਸੀਂ ਕਈ ਸਾਲਾਂ ਤੋਂ ਇਕੱਠੇ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਇਹੀ ਕਿਹਾ ਹੈ। ਉਨ੍ਹਾਂ ਨੇ ਕਦੇ ਮੇਰੀ ਗੱਲ ਨਹੀਂ ਸੁਣੀ ਅਤੇ ਅੱਜ ਜੋ ਵੀ ਹੋਣਾ ਸੀ, ਹੋ ਗਿਆ।’’ ਹਜ਼ਾਰੇ ਨੇ ਕਿਹਾ, “ਕੇਜਰੀਵਾਲ ਨੂੰ ਇਹ ਸਮਝਣ ਵਿੱਚ ਥੋੜ੍ਹਾ ਸਮਾਂ ਲੱਗਿਆ, ਉਨ੍ਹਾਂ ਨੂੰ ਇਹ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ।”
ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ਵਿੱਚ ਜਲਦੀ ਚੋਣਾਂ ਦੀ ਮੰਗ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ‘ਤੇ ਉਦੋਂ ਤੱਕ ਨਹੀਂ ਬੈਠਣਗੇ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਇਮਾਨਦਾਰੀ ਦਾ ਸਰਟੀਫਿਕੇਟ’ ਨਹੀਂ ਦੇ ਦਿੰਦੇ। ‘ਆਪ’ ਵਰਕਰਾਂ ਨੂੰ ਸੰਬੋਧਨ ਕਰਨ ਲਈ ਆਪਣੀ ਪਤਨੀ ਸੁਨੀਤਾ ਨਾਲ ਪਾਰਟੀ ਹੈੱਡਕੁਆਰਟਰ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਉਦੋਂ ਹੀ ਬਣਨਗੇ ਜਦੋਂ “ਲੋਕ ਕਹਿਣਗੇ ਕਿ ਅਸੀਂ ਇਮਾਨਦਾਰ ਹਾਂ।”