ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ, ਉੱਥੇ ਹੀ ਸੂਬੇ ਦੇ ਵਿਕਾਸ ਲਈ ਬੁਨਿਆਂਦੀ ਢਾਂਚਿਆਂ ਵੱਲ ਵੀ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਲੋਕਾਂ ਲਈ ਸੁਖਾਲੀ ਆਵਾਜਾਈ ਅਤੇ ਕਸਬਿਆਂ ਸ਼ਹਿਰਾਂ ਨੂੰ ਆਪਸ ’ਚ ਜੋੜਨ ਲਈ ਸਰਕਾਰ ਵੱਖ-ਵੱਖ ਥਾਵਾਂ ’ਤੇ ਸੜਕਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਓਵਰਬ੍ਰਿਜ ਉਸਾਰੇ ਜਾ ਰਹੇ ਹਨ।
ਦਰਅਸਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਪਿੰਡ ਅਜੋਲੀ ਤੋਂ ਬੇਲਾ–ਧਿਆਨੀ , ਭੱਲੜੀ ਤੋਂ ਖੇੜਾ ਕਲਮੋਟ ਵਿਚਕਾਰ ਸਿੱਧਾ ਸੜਕੀ ਸੰਪਰਕ ਸਥਾਪਤ ਕਰਨ ਲਈ ਦੋ ਪੁਲਾਂ ਦੀ ਉਸਾਰੀ ਸਬੰਧੀ ਰੀਵਿਊ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੁਲਾਂ ਦੀ ਉਸਾਰੀ ਸਬੰਧੀ ਕੈਬਨਿਟ ਮੰਤਰੀ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪੁਲਾਂ ਦੀ ਉਸਾਰੀ ਸਬੰਧੀ ਸਾਰੀਆਂ ਮੁੱਢਲੀ ਕਾਰਵਾਈਆਂ ਅਤੇ ਟੈਂਡਰ ਪ੍ਰੀਕ੍ਰਿਆ ਜਲਦ ਮੁਕੰਮਲ ਕੀਤੀਆ ਜਾਣ ਤਾਂ ਜ਼ੋ ਇਨ੍ਹਾਂ ਪੁਲਾਂ ਦਾ ਜਲਦ ਨੀਹ ਪੱਥਰ ਰੱਖਿਆ ਜਾ ਸਕੇ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਵੱਲੋਂ ਪੁਲਾਂ ਦੀ ਪ੍ਰਗਤੀ ਸਬੰਧੀ ਜਾਇਜ਼ਾ ਲੈਣ ਲਈ ਮਿਤੀ 31 ਜੁਲਾਈ 2024 ਨੂੰ ਸਾਈਟ ਵਿਜਟ ਕਰਨ ਦਾ ਫ਼ੈਸਲਾ ਕੀਤਾ ਗਿਆ। ਬੈਂਸ ਨੇ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਇਨ੍ਹਾਂ ਪੁਲਾਂ ਦੀ ਉਸਾਰੀ ਸਬੰਧੀ ਉਹ ਹਰ ਪੰਦਰਵਾੜੇ ਰਿਵੀਉ ਮੀਟਿੰਗ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਇਲਾਕੇ ਦਾ ਆਰਥਿਕ ਵਿਕਾਸ ਹੋਵੇਗਾ ਅਤੇ ਨਾਲ ਹੀ ਹੜ੍ਹਾਂ ਦੇ ਮੌਸਮ ਵਿਚ ਲੋਕਾਂ ਨੂੰ ਸੁਰੱਖਿਅਤ ਰਸਤਾ ਵੀ ਮਿਲ ਜਾਵੇਗਾ।