ਚੰਡੀਗੜ੍ਹ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲੱਗੀ NSA ਬਾਰੇ ਅੱਜ ਹਾਈ ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਤੋਂ NSA ਹਟਾ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਤੋਂ ਵੀ NSA ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਪੁਲਸ ਦੀ ਟੀਮ ਉਸ ਨੂੰ ਪੰਜਾਬ ਲਿਆਉਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਪਹੁੰਚ ਚੁੱਕੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ 7 ਹੋਰ ਸਾਥੀਆਂ ਦੀ ਪੁਲਸ ਰਿਮਾਂਡ ਵੀ ਅੱਜ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਸ ਵੱਲੋਂ ਵਰਿੰਦਰ ਸਿੰਘ ਫ਼ੌਜੀ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਸੀ। ਇਨ੍ਹਾਂ ਨੂੰ 21 ਮਾਰਚ ਨੂੰ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ 25 ਮਾਰਚ ਤਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਇਹ ਪੁਲਸ ਰਿਮਾਂਡ ਵੀ ਅੱਜ ਖ਼ਤਮ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।