ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋ ਬਾਜ ਨਹੀਂ ਆ ਰਿਹਾ ਜੋ ਲਗਾਤਾਰ ਸਰਹੱਦ ਪਾਰ ਤੋਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਰਿਹਾ ਹੈ। ਪਰ ਇਸ ਵਿਚਾਲੇ ਪੰਜਾਬ ਪੁਲਿਸ ਅਤੇ ਬੀਐੱਸੈੱਫ ਜਵਾਨ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੇ ਹਨ। ਦਰਅਸਲ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਮਾਮਲੇ ’ਚ ਫਾਜ਼ਿਲਕਾ ਪੁਲਿਸ ਅਤੇ ਬੀਐੱਸਐੱਫ ਜਵਾਨਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
BSF ਜਵਾਨਾਂ ਅਤੇ ਪੰਜਾਬ ਪੁਲਿਸ ਨੇ ਸਾਂਝੇ ਮਿਸ਼ਨ ਤਹਿਤ ਨਸ਼ਾ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸ਼ੱਕੀ ਨਸ਼ੀਲੇ ਪਦਾਰਥ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ, ਜੋ ਡਰੋਨ ਰਾਹੀ ਸਰਹੱਦ ਪਾਰ ਤੋਂ ਭਾਰਤ ਵਾਲੇ ਪਾਸੇ ਸੁੱਟਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਜਲਾਲਾਬਾਦ ਡਿਵੀਜ਼ਨ ਦੇ ਡੀਐਸਪੀ ਵੱਲੋਂ ਦਿੱਤੀ ਗਈ। ਉਨ੍ਹਾਂ ਸੁਰੱਖਿਆ ਬਲਾਂ ਦੀ ਕਾਮਯਾਬੀ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਪਾਕਿਸਤਾਨ ਸਰਹੱਦ ਬੀਓਪੀ ਸੰਤੋਖ ਸਿੰਘ ਵਾਲਾ ’ਚ ਬੀਐਸਐਫ ਦੀ 52 ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ ਅਭਿਆਨ ਤਹਿਤ 580 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜੋ ਡਰੋਨ ਰਾਹੀਂ ਭਾਰਤ ਵੱਲ ਸੁੱਟੀ ਗਈ ਸੀ।
ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੂੰ 1 ਛੋਟੀ ਟਾਰਚ ਦੇ ਨਾਲ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਦੇ ਨਾਲ ਲਪੇਟਿਆ ਗਿਆ ਸੀ। ਪੈਕਟ ਦੇ ਨਾਲ 1 ਮੈਟਲ ਰਿੰਗ ਵੀ ਜੁੜੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਸੰਭਾਵਨਾ ਜਤਾਈ ਕਿ ਜਲਦੀ ਹੀ ਨਸ਼ਾ ਤਸਕਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।