ਝਬਾਲ : ਝਬਾਲ ਅਟਾਰੀ ਰੋਡ ‘ਤੇ ਪਿੰਡ ਗੰਡੀਵਿੰਡ ਨੇੜੇ ਦੋਦੇ ਵਾਲੇ ਨਹਿਰ ਪੁੱਲ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ ਵਿਚ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੰਡੀਵਿੰਡ ਆਪਣੀ ਪਤਨੀ ਮਾਨਸੀ ਕੌਰ ਸਮੇਤ ਮੋਟਰਸਾਈਕਲ ਨੰਬਰ ਪੀਬੀ46 ਏਕੇ 6865 ‘ਤੇ ਸਵਾਰ ਹੋਕੇ ਪਿੰਡ ਤੋਂ ਕਸਬਾ ਝਬਾਲ ਵੱਲ ਜਾ ਰਿਹਾ ਸੀ ਜਦਕਿ ਪਿੰਡ ਗਹਿਰੀ ਦੇ ਰਹਿਣ ਵਾਲੇ ਦੋ ਨੌਜਵਾਨ ਰਾਹੁਲਦੀਪ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਝਬਾਲ ਤੋਂ ਆਪਣੇ ਪਿੰਡ ਜਾ ਰਹੇ ਸੀ।
ਇਸ ਦੌਰਾਨ ਜਦੋਂ ਇਹ ਦੋਵੇਂ ਮੋਟਰਸਾਈਕਲ ਸ਼ੇਰਸਾਹ ਸੂਰੀ ਮਾਰਗ ‘ਤੇ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਦੇ ਕੋਲ ਪੁੱਜੇ ਤਾਂ ਦੋਵਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਜਿਸ ਨਾਲ ਗੌਰਵ ਸਿੰਘ ਅਤੇ ਉਸਦੀ ਪਤਨੀ ਮਾਨਸੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂਕਿ ਮੌਕੇ ‘ਤੇ ਪਹੁੰਚੇ ਪਿੰਡ ਗੰਡੀਵਿੰਡ ਦੇ ਸਰਪੰਚ ਗੁਰਮੀਤ ਸਿੰਘ ਜਿਨ੍ਹਾਂ ਵੱਲੋਂ ਪਿੰਡ ਦੀ ਹੀ ਐਬੂਲੈਂਸ ਬਣਵਾਈ ਹੋਈ ਹੈ, ਉਸ ‘ਤੇ ਦੂਜੇ ਮੋਟਰਸਾਈਕਲ ਸਵਾਰ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਲਈ ਰਵਾਨਾ ਕਰ ਦਿੱਤਾ। ਜਿਸ ਦੌਰਾਨ ਇਕ ਨੌਜਵਾਨ ਜਸ਼ਨਦੀਪ ਸਿੰਘ ਦੀ ਜਦਕਿ ਰਾਹੁਲਦੀਪ ਸਿੰਘ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।