ਤਰਨਤਾਰਨ – ਪੰਜਾਬ ‘ਚ ਲਗਾਤਾਰ ਪੁਲਸ ਬਦਮਾਸ਼ਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਤਰਨਤਾਰਨ ਤੋਂ ਇਕ ਹੋਰ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੌਸ਼ਹਿਰਾ ਪਨੂੰਆਂ ਨੇੜੇ ਪੁਲਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਪੁਲਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਸ ਨੇ ਵੀ ਜਵਾਬੀ ਕਾਰਵਾਈ ‘ਚ ਬਦਮਾਸ਼ਾਂ ‘ਤੇ ਫਾਇਰਿੰਗ ਕੀਤੀ ਜਿਸ ‘ਚ ਦੋ ਬਦਮਾਸ਼ਾਂ ਦੇ ਗੋਲੀਆਂ ਲੱਗ ਗਈਆਂ। ਇਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਜਿਸ ‘ਚ ਦੋ ਬਦਮਾਸ਼ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਬਦਮਾਸ਼ ਵਿਦੇਸ਼ ਵਿਚ ਬੈਠੇ ਗੈਂਗਸਟਰ ਸੱਤਾ ਨੁਸ਼ਹਿਰੀਆ ਤੇ ਜੇਲ੍ਹ ‘ਚ ਬੰਦ ਗੋਪੀ ਨੰਬਰਦਾਰ ਗਿਰੋਹ ਦੇ ਗੁਰਗੇ ਸਨ। ਜ਼ਖ਼ਮੀ ਬਦਮਾਸ਼ਾਂ ਦੀ ਪਹਿਚਾਣ ਅਰਸ਼ਦੀਪ ਅਤੇ ਰੋਬਿਨ ਵੱਜੋਂ ਹੋਈ ਹੈ ਅਤੇ ਤੀਜੇ ਦੀ ਪਛਾਣ ਕਰਨਦੀਪ ਸਿੰਘ ਵੱਜੋਂ ਹੋਈ ਹੈ।