ਪੰਜਾਬ ਸਰਕਾਰ ਦੇ ਹਦਾਇਤਾਂ ’ਤੇ ਸੂਬੇ ’ਚੋਂ ਅਪਰਾਧਿਕ ਵਾਰਦਾਤਾ ਨੂੰ ਖ਼ਤਮ ਕਰ ਲਈ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਅਤੇ ਅਪਰਾਧੀਆਂ ’ਤੇ ਨਕੇਲ ਕਸਣ ਲਈ ਕਾਰਵਾਈਆਂ ਕਰ ਰਹੀ ਹੈ। ਇਸੇ ਤਰ੍ਹਾਂ ਸਾਂਝੇ ਤੌਰ ’ਤੇ ਅਭਿਆਨ ਚਲਾਉਂਦੇ ਹੋਏ ਬਰਨਾਲਾ ਪੁਲਿਸ ਅਤੇ CIA ਸਟਾਫ ਹੰਡਿਆਇਆ ਨੇ ਵੱਡੇ ਗੈਂਗ ਦਾ ਪਰਦਾਪਾਸ਼ ਕੀਤਾ ਹੈ, ਜੋ ਫਿਰੌਤੀ ਮੰਗਣ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ। ਪੁਲਿਸ ਨੇ ਇਸ ਗਿਰੋਹ ਦੇ ਅੱਠ ਮੈਂਬਰਾਂ ਨੂੰ ਵੱਡੀ ਮਾਤਰਾ ’ਚ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ ਪੰਜ ਮੁਲਜ਼ਮਾਂ ਵਿਰੁੱਧ ਪਹਿਲਾਂ ਤੋਂ ਹੀ ਵੱਖੋ-ਵੱਖਰੀਆਂ ਜੇਲ੍ਹਾਂ ਵਿੱਚ ਕਈ ਮੁਕੱਦਮੇ ਦਰਜ ਹਨ। ਇਸ ਸੰਬੰਧੀ ਜਾਣਕਾਰੀ ਬਰਨਾਲਾ ਦੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਵੱਲੋਂ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੀ 8 ਜੁਲਾਈ ਨੂੰ ਤਪਾ ਮੰਡੀ ਦੇ ਉੱਗੇ ਵਪਾਰੀ ਸਤਪਾਲ ਉਰਫ ਸਤਪਾਲ ਮੋੜ ਨੂੰ ਵਟਸਐਪ ਕਾਲ ਰਾਹੀਂ ਇੱਕ ਇੰਟਰਨੈਸ਼ਨਲ ਨੰਬਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਲੱਕੀ ਪਟਿਆਲ ਦੱਸਿਆ ਅਤੇ ਫਿਰੌਤੀ ਦੀ ਮੰਗ ਕਰਕੇ ਧਮਕੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਤਕਨੀਕੀ ਢੰਗਾਂ ਨਾਲ ਜਾਂਚ ਕਰਦੇ ਹੋਏ ਟੈਕਨੀਕਲ ਸੈਲ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ 3 ਪਿਸਟਲ, 9 ਜਿੰਦਾ ਕਾਰਤੂਸ 32 ਬੋਰ ਦੇ, 2 ਮੈਗਜੀਨ, ਇੱਕ ਪਲਟੀਨਾ ਮੋਟਰਸਾਈਕਲ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ।