ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਬੀਤੇ ਦਿਨੀ ਲੰਗਰ ਦੇ ਵਿੱਚ ਮੀਟ ਮਿਲਾਉਣ ਦੀ ਘਟਨਾ ਤੋਂ ਬਾਅਦ ਹੁਣ ਇੱਕ ਘਟਨਾ ਸਾਹਮਣੇ ਆਈ ਐ, ਜਿੱਥੇ ਇੱਕ ਪ੍ਰਵਾਸੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਪਰਿਸਰ ਦੇ ਵਿੱਚ ਦਾਖਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਰੋਸ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਪਰਵਾਸੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਦੋਂ ਉਸਨੂੰ ਫੜ ਲਿਆ ਗਿਆ ਤੇ ਛਿਤਰ ਪਰੇਡ ਵੀ ਕੀਤੀ ਗਈ।
ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ’ਤੇ ਸੱਦ ਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਸੁਰਜੀਤ ਵਜੋਂ ਹੋਈ ਹੈ। ਜੋ ਕਿ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਖੁਦ ਮੰਨਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਹੈ। ਹਾਲਾਂਕਿ ਉਸਨੇ ਕਿਹਾ ਕਿ ਉਹ ਗਲਤੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਸੀ ਤੇ ਉਹ ਇਸ ਗੱਲ ਦੀ ਗਲਤੀ ਮੰਨਦਾ ਹੈ। ਪਰ ਸੰਗਤ ਦੇ ਵਿੱਚ ਬੀਤੇ ਦਿਨਾਂ ਤੋਂ ਹੀ ਕਾਫੀ ਰੋਸ ਸੀ ਜਿਸ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਦਾ ਮੈਡੀਕਲ ਲਿਜਾਣ ਲਈ ਹਸਪਤਾਲ ਲੈ ਕੇ ਜਾ ਰਹੇ ਹਨ। ਇਸ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।