ਹਰਿਆਣਾ- ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ‘ਚ ਹਰਿਆਣਾ ਪੁਲਸ ਦੇ ਇਕ ਹੈੱਡ ਕਾਂਸਟੇਬਲ ਨੂੰ 157 ਗ੍ਰਾਮ ਚਿੱਟਾ (ਹੈਰੋਇਨ ਦਾ ਮਿਲਾਵਟੀ ਰੂਪ) ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਪੁਲਸ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਦੋਸ਼ੀ ਦੀ ਪਛਾਣ ਪ੍ਰਦੀਪ ਕੁਮਾਰ ਵਜੋਂ ਹੋਈ ਹੈ, ਜੋ ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਤਾਇਨਾਤ ਸੀ ਅਤੇ ਉਸ ਨੂੰ 2 ਅਪ੍ਰੈਲ ਨੂੰ ਵਰਦੀ ‘ਚ ਧਵਾਰੀ ਦੀਵਾਰ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਖਬਿਰ ਦੀ ਸੂਚਨਾ ‘ਤੇ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼ ਹੋਇਆ। ਸੋਲਨ ਪੁਲਸ ਨੂੰ ਇਲਾਕੇ ‘ਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਜਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ।
ਤੁਰੰਤ ਕਾਰਵਾਈ ਕਰਦੇ ਹੋਏ ਇਕ ਟੀਮ ਨੇ ਕੁਮਾਰ ਨੂੰ ਰੋਕਿਆ, ਜਿਸ ਨਾਲ ਇਕ ਹੋਰ ਸ਼ੱਕੀ ਵੀ ਸੀ, ਜੋ ਫਿਲਹਾਲ ਪੁਲਸ ਰਿਮਾਂਡ ‘ਤੇ ਹੈ। ਜਾਂਚ ‘ਚ ਪਤਾ ਲੱਗਾ ਕਿ ਕੁਮਾਰ ਹਰਿਆਣਾ ‘ਚ ਡਿਊਟੀ ਤੋਂ ਗੈਰ-ਹਾਜ਼ਰ ਸੀ, ਜਿਸ ਤੋਂ ਸ਼ੱਕ ਪੈਦਾ ਹੋਇਆ। ਹਰਿਆਣਾ ਪੁਲਸ ਨੇ ਦੋਸ਼ੀ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਮਾਰ ਇਕ ਵੱਡੇ ਨਸ਼ੀਲੇ ਪਦਾਰਥ ਨੈੱਟਵਰਕ ‘ਚ ਸ਼ਾਮਲ ਹੈ ਅਤੇ ਉਹ ਮੁੱਖ ਸਪਲਾਈਕਰਤਾ ਦਾ ਪਤਾ ਲਗਾ ਰਹੇ ਹਨ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਜਾਂਚ ਦੀ ਪੁਸ਼ਟੀ ਕਰਦੇ ਹੋਏ ਕਿਹਾ,”ਅਸੀਂ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੇ ਹਾਂ ਤਾਂ ਕਿ ਹੈਰੋਇਨ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ।”