ਗੁਰਦਾਸਪੁਰ/ਕਲਾਨੌਰ/ ਜੰਮੂ-ਕਸ਼ਮੀਰ ਜੰਮੂ-ਕਸ਼ਮੀਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਉੱਧਮਪੁਰ ਵਿਚ ਪੰਜਾਬ ਦਾ ਜਵਾਨ ਸ਼ਹੀਦ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਵਾਨ ਦੀ ਮੌਤ ਡਿਊਟੀ ਦੌਰਾਨ ਹੋਈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲਿੰਗ ਦੌਰਾਨ ਖੱਡ ਵਿਚ ਜਵਾਨ ਸਤਨਾਮ ਸਿੰਘ ਦੀ ਗੱਡੀ ਡਿੱਗ ਗਈ। ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦੇ ਕਲਾਨੌਰ ਦਾ ਰਹਿਣ ਵਾਲਾ ਸੀ, ਜੋਕਿ ਉੱਧਮਪੁਰ ਵਿਖੇ ਡਿਊਟੀ ਨਿਭਾਅ ਰਿਹਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਦੇ ਸ਼ਹੀਦ ਹੋਣ ਦੀ ਜਾਣਕਾਰੀ ਫੋਨ ਜ਼ਰੀਏ ਮਿਲੀ। ਜਿਵੇਂ ਹੀ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ। ਦੱਸਿਆ ਜਾ ਰਿਹਾ ਹੈ ਕਿ ਉਕਤ ਜਵਾਨ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਪਹੁੰਚੇਗੀ, ਜਿੱਥੇ ਸਰਕਾਰੀ ਸਨਾਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।