ਸੂਬੇ ’ਚ ਨਸ਼ੇ ਦਾ ਛੇਵਾਂ ਦਰਿਆ ਉਫਾਨ ’ਤੇ ਹੈ। ਜਿਸਦੀ ਲਹਿਰਾਂ ’ਚ ਪੰਜਾਬ ਦੇ ਨੌਜਵਾਨ ਗੋਤੇ ਖਾ ਰਹੇ ਹਨ। ਬੇਰਹਿਮ ਨਸ਼ੇ ਨੇ ਨੌਜਵਾਨਾਂ ਦੇ ਦਿਲਾਂ ’ਚ ਇਸ ਤਰ੍ਹਾਂ ਘਰ ਕੀਤਾ ਹੈ ਕਿ ਨੌਜਵਾਨ ਚਾਹ ਵੀ ਕੇ ਵੀ ਨਸ਼ੇ ਦੇ ਦਰਿਆ ’ਚੋਂ ਤਰ ਕੇ ਬਾਹਰ ਨਹੀਂ ਨਿਕਲ ਪਾ ਰਹੇ। ਇਸੇ ਕਾਰਨ ਆਏ ਦਿਨ ਨਸ਼ੇ ਦਾ ਇਹ ਦਰਿਆ ਨੌਜਵਾਨਾਂ ਨੂੰ ਡੋਬ ਕੇ ਉਨ੍ਹਾਂ ਦੀ ਜਾਨ ਲੈ ਰਿਹਾ ਹੈ।
ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਥਾਣਾ ਸਦਰ ਖੇਤਰ ਦੇ ਪਿੰਡ ਕੋਟ ਜਸਪਤ ਨਾਲ ਸੰਬੰਧਿਤ ਸੀ ਜਿੱਥੇ 21 ਸਾਲਾਂ ਥਾਮਸ ਦੀ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਥਾਮਸ ਅਤੇ ਮਾਤਾ-ਪਿਤਾ ਨਾਲ ਮਜ਼ਦੂਰੀ ਕਰਦਾ ਸੀ।
ਜਾਣਕਾਰੀ ਦਿੰਦਿਆਂ ਥਾਮਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੋ ਕਿ ਨਸ਼ੇ ਦਾ ਆਦੀ ਸੀ, ਕਹਿੰਦਾ ਸੀ ਕਿ ਹੁਣ ਨਸ਼ੇ ਦੀ ਡੋਜ਼ 400 ਵਿੱਚ ਵੀ ਨਹੀਂ ਮਿਲਦੀ ਤੇ ਉਹ ਅਕਸਰ ਹੀ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ। ਪਰ ਉਹ ਥਾਮਸ ਨੂੰ ਪੈਸੇ ਨਹੀਂ ਦਿੰਦੀ ਸੀ। ਇਸ ਦੇ ਨਾਲ ਹੀ ਥਾਮਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਮੇਲਾ ਦੇਖਣ ਲਈ 100 ਰੁਪਏ ਦੀ ਮੰਗ ਕਰ ਰਿਹਾ ਸੀ ਪਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ। ਇਸ ਤੋਂ ਬਾਅਦ ਥਾਮਸ ਘਰ ਤੋਂ ਚਲਾ ਗਿਆ ਤੇ ਫਿਰ ਜ਼ਿੰਦਾ ਨਹੀਂ ਪਰਤਿਆ।
ਦੂਜੇ ਪਾਸੇ ਥਾਣਾ ਇੰਚਾਰਜ ਰਾਣੀ ਕੌਰ ਮੁਤਾਬਕ ਜਿਸਨੇ ਥਾਮਸ ਨੂੰ ਨਸ਼ਾ ਵੇਚਿਆ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।