ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਦਾਅਵਿਆਂ ਦੇ ਬਾਵਜੂਦ ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਕਹਿਰ ਮਚਾ ਰਿਹਾ ਹੈ। ਆਏ ਦਿਨ ਨਸ਼ਾ ਉਫਾਨ ’ਤੇ ਹੋਣ ਕਾਰਨ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਮੋਗੇ ਦੇ ਪਿੰਡ ਬੋਹਣਾ ਦਾ ਹੈ। ਜਿਥੇ 24 ਸਾਲਾਂ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਸ਼ੇ ਦਾ ਆਦੀ ਸੀ। ਜਾਣਕਾਰੀ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇਹ ਖੇਤਾਂ ਵਿਚ ਮੋਟਰ ਕੋਲ ਪਈ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਰਿੰਦਰ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ। ਡਾਕਟਰਾਂ ਮੁਤਾਬਕ ਜਦੋਂ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਉਸ ਦੀ ਬਾਂਹ ‘ਤੇ ਟੀਕਾ ਲੱਗਾ ਹੋਇਆ ਸੀ। ਹਾਂਲਾਕਿ ਇਸ ਦੌਰਾਨ ਹਸਪਤਾਲ ’ਚ ਕਾਫੀ ਹੰਗਾਮਾ ਵੀ ਹੋਇਆ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਹਸਪਤਾਲ ’ਚ ਨੌਜਵਾਨ ਨੂੰ ਮ੍ਰਿਤਕ ਐਲਾਨਿਆ ਗਿਆ ਤਾਂ ਪੁਲਿਸ ਨੇ ਕਿਹਾ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਨਹੀਂ ਬਲਕਿ ਹਾਰਟ ਅਟੈਕ ਨਾਲ ਹੋਈ ਹੈ। ਫਿਲਹਾਲ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੇ ਨਾਲ-ਨਾਲ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।