ਜਲੰਧਰ/ਤਰਨਤਾਰਨ- ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਅੱਜ ਤਰਨਤਾਰਨ ਵਿਚ ਐਂਟੀ ਡ੍ਰੋਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਵਿਚ ਤਿੰਨ ਐਂਟੀ ਡਰੋਨ ਸਿਸਟਮ ਲਾਗੂ ਕੀਤੇ ਗਏ ਹਨ। ਇਥੇ ਦੱਸ ਦੇਈਏ ਕਿ 51.41 ਕਰੋੜ ਦੀ ਲਾਗਤ ਨਾਲ ਪੰਜਾਬ ਸਰਕਾਰ ਵੱਲੋਂ ਕੁੱਲ੍ਹ 9 ਐਂਟੀ ਡਰੋਨ ਸਿਸਟਮ ਖ਼ਰੀਦੇ ਗਏ ਹਨ।
ਆਪਣੇ ਸੰਬੋਧਨ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਨਸ਼ੇ ਦੇ ਮੁੱਦੇ ‘ਤੇ ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸੇ ਗਏ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਯੁੱਧ ਵਿਚ ਅੱਜ ਇਕ ਬਹੁਤ ਵੱਡਾ ਚੈਪਟਰ ਐਡ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁਝ ਦਿਨ ਪਹਿਲਾਂ ਤੱਕ ਸਭ ਤੋਂ ਵੱਡੀ ਸਮੱਸਿਆ ਨਸ਼ਾ ਸੀ। ਪਿਛਲੀਆਂ ਸਰਕਾਰਾਂ ਨੇ ਤਸਕਰਾਂ ਨਾਲ ਮਿਲ ਕੇ ਪੂਰੇ ਪੰਜਾਬ ਨੂੰ ਨਸ਼ੇ ਵਿਚ ਧਕੇਲ ਦਿੱਤਾ ਸੀ। ਪਿਛਲੀਆਂ ਸਰਕਾਰਾਂ ਨੇ ਤਸਕਰਾਂ ਨਾਲ ਮਿਲ ਕੇ ਨੌਜਵਾਨਾਂ ਨੂੰ ਨਸ਼ੇ ‘ਚ ਧਕੇਲ ਕੇ ਪੂਰੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਸੀ। ਸਾਡੀ ਸਰਕਾਰ ਆਈ ਤਾਂ ਨਸ਼ੇ ਦੇ ਵਿਰੁੱਧ ਬਹੁਤ ਵੱਡੇ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਿੰਨਾ ਵੱਡਾ ਮੰਤਰੀ, ਆਗੂ ਅਤੇ ਤਸਕਰ ਕਿਉਂ ਨਾ ਹੋਵੇ, ਇਸ ਸਰਕਾਰ ਨੇ ਫੜ ਕੇ ਜੇਲ੍ਹ ਵਿਚ ਦਿੱਤਾ ਹੈ। ਤਸਕਰਾਂ ਵੱਲੋਂ ਬਣਾਈਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਵੀ ਬੁਲਡੋਜ਼ਰ ਨਾਲ ਤੋੜਿਆ ਜਾ ਰਿਹਾ ਹੈ। ਬੈਂਕ ਖ਼ਾਤੇ ਸੀਜ਼ ਕੀਤੇ ਜਾ ਰਹੇ ਹਨ।