ਬਠਿੰਡਾ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਇਸ ਵਿਚਾਲੇ ਭਾਰਤੀ ਫ਼ੌਜ ਨੇ ਬਠਿੰਡਾ ਵਿਚੋਂ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਬਠਿੰਡਾ ਛਾਉਣੀ ਦੀ ਖ਼ੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਲਈ ਫੜਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ, ਜੋ ਪਿਛਲੇ 10 ਸਾਲਾਂ ਤੋਂ ਬਠਿੰਡਾ ਵਿਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ। ਉਸ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਹਨੀ ਟਰੈਪ ਵਿਚ ਫਸਾ ਕੇ ਫ਼ੌਜ ਦੀ ਛਾਉਣੀ ਦੀ ਜਾਣਕਾਰੀ ਹਾਸਲ ਕੀਤੀ। ਭਾਰਤੀ ਫ਼ੌਜ ਦੇ ਖ਼ੁਫ਼ੀਆ ਵਿੰਗ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਫ਼ੌਜ ਦੇ ਖ਼ੁਫੀਆ ਵਿੰਗ ਨੇ ਪੁੱਛਗਿੱਛ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਅਧਾਰ ‘ਤੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਵੱਲੋਂ ਜਦੋਂ ਉਸ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ। ਉਸ ‘ਤੇ ਦੋਸ਼ ਲੱਗੇ ਹਨ ਕਿ ਉਹ ਪਾਕਿਸਤਾਨ ਦੀ ਕਿਸੇ ਕੁੜੀ ਗੱਲਬਾਤ ਕਰਦਾ ਸੀ ਤੇ ਉਸ ਨਾਲ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਸਾਂਝੀ ਕਰ ਰਿਹਾ ਸੀ।