ਸ਼੍ਰੀਨਗਰ- ਫ਼ੌਜ ਮੁਖੀ ਜਨਰਲ ਉਪੇਂਦਰ ਦ੍ਰਿਵੇਦੀ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ ਅਤੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਕੰਟਰੋਲ ਰੇਖਾ ‘ਤੇ ਆਪਣਾ ਦਬਦਬਾ ਬਣਾਈ ਰੱਖਣ ਲਈ ਫ਼ੌਜੀ ਜਵਾਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਫ਼ੌਜੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਚੁਣੌਤੀ ਦਾ ਫੈਸਲਾਕੁੰਨ ਤਾਕਤ ਨਾਲ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿਣ।
ਫੌਜ ਨੇ ‘X’ ‘ਤੇ ਇਕ ਪੋਸਟ ‘ਚ ਕਿਹਾ ਕਿ ਫੌਜ ਮੁਖੀ (COAS) ਨੇ ਚਿਨਾਰ ਕੋਰ ਦੇ ਡੈਗਰ ਡਿਵੀਜ਼ਨ ਦਾ ਦੌਰਾ ਕੀਤਾ। ਜਨਤਕ ਸੂਚਨਾ ਦੇ ਵਧੀਕ ਡਾਇਰੈਕਟੋਰੇਟ ਜਨਰਲ ਨੇ ਪੋਸਟ ‘ਚ ਕਿਹਾ ਕਿ ਫੌਜ ਮੁਖੀ ਜਨਰਲ ਉਪੇਂਦਰ ਦ੍ਰਿਵੇਦੀ ਨੇ ਚਿਨਾਰ ਕੋਰ ਦੇ ਡੈਗਰ ਡਿਵੀਜ਼ਨ ਦੇ ਅਗਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਫ਼ੌਜੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਕੰਟਰੋਲ ਰੇਖਾ ‘ਤੇ ਆਪਣਾ ਦਬਦਬਾ ਬਣਾਈ ਰੱਖਣ ਲਈ ਉਨ੍ਹਾਂ ਦੀ ਹਿੰਮਤ, ਜੋਸ਼ ਅਤੇ ਚੌਕਸੀ ਕਾਰਵਾਈ ਦੀ ਸ਼ਲਾਘਾ ਕੀਤੀ।
ਪੋਸਟ ਮੁਤਾਬਕ ਫੌਜ ਮੁਖੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ‘ਚ ਫ਼ੌਜੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਫੌਜ ਨੇ ਕਿਹਾ ਕਿ ਫੌਜ ਮੁਖੀ ਨੇ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨ ਵੱਲੋਂ ਕੀਤੀ ਗਈ ਕਾਇਰਤਾਪੂਰਨ ਗੋਲੀਬਾਰੀ ਤੋਂ ਪ੍ਰਭਾਵਿਤ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਡੈਗਰ ਡਿਵੀਜ਼ਨ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫ਼ੌਜੀਆਂ ਨੂੰ ਕਿਸੇ ਵੀ ਚੁਣੌਤੀ ਦਾ ਫੈਸਲਾਕੁੰਨ ਤਾਕਤ ਨਾਲ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।