ਜਲੰਧਰ/ਮੋਹਾਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਮੋਹਾਲੀ ਵਿਖੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ ਅਤੇ ਅੱਜ ਤੋਂ ਰਜਿਸਟਰੀਆਂ ਕਰਾਉਣੀਆਂ ਸੌਖੀਆਂ ਹੋ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕੋਈ ਤਹਿਸੀਲਦਾਰ ਦੇ ਦਫ਼ਤਰ ਵਿਚੋਂ ਨਿਕਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਉਕਤ ਵਿਅਕਤੀ ਨੂੰ ਤਹਿਸੀਲਦਾਰ ਵੱਲੋਂ ਪੂਰੀ ਤਰ੍ਹਾਂ ਨਿਚੋੜਿਆ ਗਿਆ ਹੈ ਅੱਜ ਲੋਕਾਂ ਦੇ ਚਿਹਰੇ ਦੀ ਖ਼ੁਸ਼ੀ ਦੱਸਦੀ ਹੈ ਕਿ ਹੁਣ ਵਿਵਸਥਾ ਬਦਲ ਗਈ ਹੈ।
ਈਜ਼ੀ ਰਜਿਸਟਰੀ ਜ਼ਰੀਏ ਹੁਣ ਲੋਕ ਕਿਸੇ ਵੀ ਰਜਿਸਟਰਾਰ ਕੋਲ ਜਾ ਸਕਦੇ ਹਨ। ਇਸ ਨਾਲ ਸਰਕਾਰ ਨੂੰ ਵੀ ਪਤਾ ਲੱਗੇਗਾ ਕਿ ਸਭ ਤੋਂ ਵੱਧ ਭੀੜ ਕਿਹੜੇ ਰਜਿਸਟਰਾਰ ਦੇ ਕੋਲ ਹੈ ਅਤੇ ਕਿੱਥੇ ਵਧੀਆ ਕੰਮ ਹੋ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਵਿਚ ਨਾ ਤਾਂ ਕੋਈ ਦੇਰੀ ਹੋਵੇਗੀ ਅਤੇ ਨਾ ਹੀ ਭ੍ਰਿਸ਼ਟਾਚਾਰ। 48 ਘੰਟਿਆਂ ਦੇ ਵਿਚ ਦਸਤਾਵੇਜ਼ਾਂ ਦੀ ਆਨਲਾਈਨ ਸ਼ੁਰੂਆਤ ਹੋਵੇਗੀ।