ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੰਗਲਵਾਰ ਯਾਨੀ ਅੱਜ ਅਸਤੀਫ਼ਾ ਦੇ ਦਿੱਤਾ ਹੈ। ਕੇਜਰੀਵਾਲ ਉੱਪ ਰਾਜਪਾਲ ਵੀ.ਕੇ. ਸਕਸੈਨਾ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ। ਆਬਕਾਰੀ ਨੀਤੀ ਮਾਮਲੇ ‘ਚ ਜ਼ਮਾਨਤ ‘ਤੇ ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ‘ਆਪ’ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ 48 ਘੰਟਿਆਂ ਦੇ ਅੰਦਰ ਅਸਤੀਫ਼ਾ ਦੇ ਦੇਣਗੇ ਅਤੇ ਦਿੱਲੀ ‘ਚ ਜਲਦ ਚੋਣਾਂ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਈਮਾਨਦਾਰੀ ਦਾ ਪ੍ਰਮਾਣ ਪੱਤਰ’ ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਣਗੇ।
ਦੱਸਣਯੋਗ ਹੈ ਕਿ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਚੁਣਿਆ ਗਿਆ ਹੈ। ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ,”ਅਰਵਿੰਦ ਕੇਜਰੀਵਾਲ ਨੇ ਮੇਰੇ ‘ਤੇ ਭਰੋਸਾ ਕੀਤਾ। ਵਿਧਾਇਕ, ਮੰਤਰੀ ਅਤੇ ਫਿਰ ਅੱਜ ਮੁੱਖ ਮੰਤਰੀ ਬਣਾਇਆ। ਮੈਂ ਖੁਸ਼ ਹਾਂ ਕਿ ਉਨ੍ਹਾਂ ਨੇ ਮੇਰੇ ‘ਤੇ ਇੰਨਾ ਭਰੋਸਾ ਕੀਤਾ। ਖੁਸ਼ ਵੀ ਹਾਂ ਅਤੇ ਦੁਖੀ ਵੀ। ਦੁੱਖ ਇਸ ਲਈ ਕਿ ਮੇਰੇ ਵੱਡੇ ਭਰਾ ਅਰਵਿੰਦ ਕੇਜਰੀਵਾਲ ਅੱਜ ਅਸਤੀਫ਼ਾ ਦੇ ਰਹੇ ਹਨ। ਇਕ ਅਜਿਹਾ ਆਦਮੀ ਜੋ ਆਪਣੀ ਆਈ.ਆਰ.ਐੱਸ. ਦੀ ਨੌਕਰੀ ਛੱਡ ਕੇ ਸੇਵਾ ਲਈ ਰਾਜਨੀਤੀ ‘ਚ ਆਇਆ। ਅਜਿਹੇ ਈਮਾਨਦਾਰ ਆਦਮੀ ‘ਤੇ ਭਾਜਪਾ ਨੇ ਝੂਠੇ ਮਾਮਲੇ ਦਰਜ ਕੀਤੇ। ਦਿੱਲੀ ਦਾ ਇਕ ਹੀ ਮੁੱਖ ਮੰਤਰੀ ਹੈ ਅਤੇ ਉਹ ਨਾਂ ਹੈ ਅਰਵਿੰਦ ਕੇਜਰੀਵਾਲ।”