ਆਬਕਾਰੀ ਨੀਤੀ ਦੇ ਕਥਿਤ ਘੁਟਾਲੇ ਦੇ ਮਾਮਲੇ ’ਚ ਜ਼ੇਲ੍ਹ ’ਚ ਬੰਦ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲੀ ਗਈ ਹੈ। ਸਿਸੋਦੀਆ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੰਜ਼ੂਰ ਕੀਤੀ। ਜ਼ੇਲ੍ਹ ਤੋਂ ਬਾਹਰ ਆਉਂਦੇ ਹੀ ਸਿਸੋਦੀਆਂ ਨੇ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਸੱਚਾਈ ਤੇ ਇਮਾਨਦਾਰੀ ਦੀ ਜਿੱਤ ਹੋਈ। ਮੈਂ ਇੱਥੇ ਸੰਵਿਧਾਨ ਦੀ ਤਾਕਤ ਨਾਲ ਖੜ੍ਹਾ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜਲਦੀ ਸਾਹਮਣੇ ਆਉਣਗੇ।
ਦਰਅਸਲ ਰਿਹਾਈ ਤੋਂ ਬਾਅਦ ਅੱਜ ਸਵੇਰੇ ਸਿਸੋਦੀਆ ਕਨਾਟ ਪਲੇਸ ’ਚ ਹਨੂਮਾਨ ਮੰਦਰ ਪਹੁੰਚ ਕੇ ਨਤਮਸਤਕ ਹੋਏ। ਇਸ ਤੋਂ ਬਾਅਦ ਉਨ੍ਹਾਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਫਿਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਗਰਜਦੇ ਹੋਏ ਕਿਹਾ ਕਿ ਇਨ੍ਹਾਂ ਹੰਝੂਆਂ ਨੇ ਮੈਨੂੰ ਤਾਕਤ ਦਿੱਤੀ ਹੈ। ਮੈਨੂੰ ਉਮੀਦ ਸੀ ਕਿ 7-8 ਮਹੀਨਿਆਂ ਵਿੱਚ ਇਨਸਾਫ਼ ਮਿਲੇਗਾ ਪਰ ਕੋਈ ਗੱਲ ਨਹੀਂ, 17 ਮਹੀਨੇ ਲੱਗ ਗਏ। ਇਮਾਨਦਾਰੀ ਅਤੇ ਸੱਚਾਈ ਦੀ ਜਿੱਤ ਹੋਈ ਹੈ। ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ।
ਇਸ ਦੇ ਨਾਲ ਹੀ ਸੰਬੋਧਨ ਦੌਰਾਨ ਸਿਸੋਦੀਆ ਨੇ ਬਾਬਾ ਸਾਹਿਬ ਅੰਬੇਦਕਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ 75 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਕਦੇ ਕਦੇ ਇਸ ਦੇਸ਼ ਵਿੱਚ ਤਾਨਾਸ਼ਾਹੀ ਵਧੇਗੀ। ਜਦੋਂ ਇੱਕ ਤਾਨਾਸ਼ਾਹੀ ਸਰਕਾਰ ਏਜੰਸੀਆਂ, ਕਾਨੂੰਨਾਂ ਅਤੇ ਜੇਲ੍ਹਾਂ ਦੀ ਦੁਰਵਰਤੋਂ ਕਰੇਗੀ ਤਾਂ ਸਾਨੂੰ ਕੌਣ ਬਚਾਏਗਾ? ਬਾਬਾ ਸਾਹਿਬ ਨੇ ਲਿਖਿਆ ਸੀ ਕਿ ਸੰਵਿਧਾਨ ਬਚਾਵੇਗਾ। ਸੁਪਰੀਮ ਕੋਰਟ ਨੇ ਸੰਵਿਧਾਨ ਦੀ ਵਰਤੋਂ ਕਰਦਿਆਂ ਤਾਨਾਸ਼ਾਹੀ ਨੂੰ ਕੁਚਲ ਦਿੱਤਾ। ਮੈਂ ਉਨ੍ਹਾਂ ਵਕੀਲਾਂ ਦਾ ਵੀ ਧੰਨਵਾਦੀ ਹਾਂ ਜੋ ਇਹ ਲੜਾਈ ਲੜ ਰਹੇ ਸਨ।