ਪੰਜਾਬ ’ਚ ਲੋਕ ਸਭਾ ਚੌਣਾਂ ਤੋਂ ਪਹਿਲਾਂ ਚੌਣ ਜ਼ਾਬਤ ਦੌਰਾਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜਲੰਧਰ ਦੇ ਵਡਾਲਾ ਚੌਂਕ ਨੇੜੇ ਅਣਪਛਾਤੇ ਵੱਲੋਂ ਇੱਕ ਵਿਅਕਤੀ ’ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਵਿਅਕਤੀ ਇੱਕ ਬੱਸ ਵਿੱਚ ਸਫ਼ਰ ਕਰ ਰਿਹਾ ਸੀ, ਪਰ ਜਦੋਂ ਉਹ ਵਡਾਲਾ ਚੌਂਕ ਨੇੜੇ ਬੱਸ ਰੁੱਕਣ ’ਤੇ ਬੱਸ ਵਿੱਚੋਂ ਉਤਰਿਆ ਤਾਂ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਗੋਲੀਬਾਰੀ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਵਿਚ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਬੰਦੂਕਧਾਰੀ ਉਸੇ ਬੱਸ ’ਚ ਹੀ ਸਫ਼ਰ ਕਰ ਰਿਹਾ ਸੀ ਜਿਸ ਬੱਸ ਵਿੱਚੋਂ ਪੀੜਤ ਵਿਅਕਤੀ ਉੱਤਰਿਆ ਸੀ। ਵਿਅਕਤੀ ਦੇ ਬੱਸ ’ਚੋਂ ਉੱਤਰਦੇ ਹੀ ਮੁਲਜ਼ਮ ਪਿੱਛੇ ਤੋਂ ਆਇਆ ਅਤੇ ਗੋਲ਼ੀ ਚਲਾ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ’ਤੇ ਪਹੁੰਚੀ। ਜਿਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪੀੜਤ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ, ਜੋ ਕਿ ਆਰ-ਪਾਰ ਹੋ ਗਈ। ਫਿਲਹਾਲ ਜ਼ਖ਼ਮੀ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਉਹ ਬਿਆਨ ਦੇਣ ਦੀ ਹਾਲਤ ’ਚ ਹੈ।