ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਿਸ ਗਠਜੋੜ ਦੀ ਜਿੱਤ ਹੋਵੇਗੀ, ਇਸ ਬਾਰੇ ਫੈਸਲਾ ਅੱਜ ਹੋ ਜਾਵੇਗਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੱਕ ਤਸਵੀਰ ਸਪੱਸ਼ਟ ਹੋ ਜਾਵੇਗੀ। ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਨੇ ਮਹਾਰਾਸ਼ਟਰ ਵਿੱਚ ਸੱਤਾਧਾਰੀ ਮਹਾਯੁਤੀ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ।ਇਸਦੇ ਨਾਲ ਹੀ ਝਾਰਖੰਡ ਵਿਧਾਨ ਸਭਾ ਚੋਣਾਂ 2024 ਦੇ ਨਤੀਜੇ ਅੱਜ ਐਲਾਨੇ ਜਾਣਗੇ।
ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਜਾਣ ਤੋਂ ਬਾਅਦ ਨਵੀਂ ਸਰਕਾਰ ਬਣੇਗੀ ਜਾਂ ਵਾਪਸੀ ਕਰੇਗੀ? ਇਸ ਸਵਾਲ ਦਾ ਜਵਾਬ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਪਤਾ ਲੱਗੇਗਾ। ਦੁਪਹਿਰ ਤੱਕ 81 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਮਿਲਣ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ।ਇਸਤੋਂ ਇਲਾਵਾ ਅੱਜ ਵਾਇਨਾਡ ਅਤੇ ਨਾਂਦੇੜ ਲੋਕ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਅਤੇ ਯੂਪੀ ਦੀਆਂ 9 ਸੀਟਾਂ ਸਮੇਤ 13 ਰਾਜਾਂ ਦੀਆਂ 46 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਐਲਾਨੇ ਜਾਣਗੇ। ਐਨਸੀਆਰ ਦੀ ਗਾਜ਼ੀਆਬਾਦ ਵਿਧਾਨ ਸਭਾ ਸੀਟ ਵੀ ਇਨ੍ਹਾਂ ਵਿੱਚ ਸ਼ਾਮਲ ਹੈ।
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ।ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਨੇ ਬਣਾਏ ਹਨ।