ਉੱਤਰੀ-ਪੱਛਮੀ ਸੀਰੀਆ ‘ਚ ਵੀਰਵਾਰ ਨੂੰ ਸਕੂਲੀ ਬੱਸ ਦੇ ਸੜਕ ਤੋਂ ਫਿਸਲ ਕੇ ਨਦੀ ‘ਚ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਐਮਰਜੈਂਸੀ ਸੇਵਾ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸਥਾਨਕ ਸਿਵਲ ਡਿਫੈਂਸ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸਾ ਇਦਲਿਬ ਸ਼ਹਿਰ ਦੇ ਪੱਛਮ ਵਿਚ ਦਾਰਕੁਸ਼ ਨੇੜੇ ਵਾਪਰਿਆ ਹੈ, ਕਿਉਂਕਿ ਸਕੂਲ ਬੱਸ ਓਰੋਂਟੇਸ ਨਦੀ ਵਿਚ ਡਿੱਗ ਗਈ। ਇਸ ਘਟਨਾ ਨੂੰ ਲੈ ਕੇ ਦਿੱਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਦੇ ਕਰਮਚਾਰੀਆਂ ਨੇ ਉੱਥੇ ਛੇ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਸ ਨਦੀ ਵਿੱਚ ਕਿਵੇਂ ਡਿੱਗੀ। ਦਾਰਕੁਸ਼ ਦੇ ਇੱਕ ਹਸਪਤਾਲ ਦੇ ਡਾਕਟਰ ਅਹਿਮਦ ਗੰਦੌਰ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਵਿਦਿਆਰਥੀ ਅਤੇ ਅਧਿਆਪਕ ਅਨਾਥ ਬੱਚਿਆਂ ਦੇ ਸਕੂਲ ਤੋਂ ਸਨ।