ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਉਪ ਰਾਜਪਾਲ ਵੀ. ਕੇ. ਸਕਸੈਨਾ ਨਾਲ ਮੁਲਾਕਾਤ ਕਰ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਉਪ ਰਾਜਪਾਲ ਨੇ ਪਿਛਲੀ ਵਿਧਾਨ ਸਭਾ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਨਾਲ ਨਵੀਂ ਵਿਧਾਨ ਸਭਾ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ। ਨਵੀਂ ਵਿਧਾਨ ਸਭਾ ਦੇ ਗਠਨ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। 8 ਫਰਵਰੀ ਨੂੰ ਆਏ ਦਿੱਲੀ ਚੋਣ ਨਤੀਜਿਆਂ ਨੇ ਭਾਜਪਾ ਦੀ ਜਿੱਤ ਨੂੰ ਸਾਫ਼ ਕਰ ਦਿੱਤਾ ਅਤੇ ਇਸ ਦੇ ਨਾਲ ਹੀ 27 ਸਾਲ ਬਾਅਦ ਭਾਜਪਾ ਦੀ ਦਿੱਲੀ ਦੀ ਸੱਤਾ ‘ਤੇ ਵਾਪਸੀ ਹੋਈ ਹੈ। ਅਜਿਹੇ ਵਿਚ ਆਤਿਸ਼ੀ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।
ਹਾਲਾਂਕਿ ਆਤਿਸ਼ੀ ਕਾਲਕਾਜੀ ਸੀਟ ਤੋਂ ਜਿੱਤੀ ਹੈ। ਆਤਿਸ਼ੀ ਇਸ ਸੀਟ ‘ਤੇ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂੜੀ ਖਿਲਾਫ਼ ਮੈਦਾਨ ਵਿਚ ਸੀ। ਚੋਣ ਕਮਿਸ਼ਨ ਮੁਤਾਬਕ ਦੋਹਾਂ ਵਿਚਾਲੇ ਟੱਕਰ ਦਾ ਮੁਕਾਬਲਾ ਸੀ। ਆਤਿਸ਼ੀ ਨੇ ਰਮੇਸ਼ ਨੂੰ 3580 ਵੋਟਾਂ ਦੇ ਫਰਕ ਨਾਲ ਹਰਾਇਆ। ਆਤਿਸ਼ੀ ਨੂੰ ਕੁੱਲ 52058 ਵੋਟਾਂ ਪਈਆਂ। ਉੱਥੇ ਹੀ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾ ਚੋਣਾਂ ਹਾਰ ਗਏ। ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਹਾਰ ਗਏ। ਮਨੀਸ਼ ਸਿਸੋਦੀਆ ਨੂੰ ਵੀ ਜੰਗਪੁਰਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।