ਨੈਸ਼ਨਲ ਡੈਸਕ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਬੁੱਧਵਾਰ ਨੂੰ ਇੱਕ ਜਨਤਕ ਸੁਣਵਾਈ ਦੌਰਾਨ ਹਮਲਾ ਕੀਤੇ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪ੍ਰੋਗਰਾਮ ਦੌਰਾਨ ਉੱਥੇ ਮੌਜੂਦ ਇੱਕ ਨੌਜਵਾਨ ਨੇ ਅਚਾਨਕ ਸਟੇਜ ‘ਤੇ ਚੜ੍ਹ ਕੇ ਮੁੱਖ ਮੰਤਰੀ ਨੂੰ ਥੱਪੜ ਮਾਰ ਦਿੱਤਾ। ਨੌਜਵਾਨ ਵਲੋਂ ਕੀਤੀ ਗਈ ਇਸ ਹਰਕਤ ਕਾਰਨ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਪੁਲਸ ਨੇ ਕਿਹਾ ਕਿ ਮੁੱਖ ਮੰਤਰੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਸ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸਨੂੰ ਲੋਕਤੰਤਰ ‘ਤੇ ਹਮਲਾ ਦੱਸਿਆ ਅਤੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਚਦੇਵਾ ਨੇ ਪੂਰੀ ਘਟਨਾ ਦੀ ਜਾਂਚ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।