ਬਨੂੜ, -ਆਪਣੇ ਦੋਸਤ ਦੇ ਫਲੈਟ ਤੋਂ ਵਾਪਸ ਆ ਰਹੇ ਕਸ਼ਮੀਰੀ ਵਿਦਿਆਰਥੀਆਂ ’ਤੇ 10-12 ਵਿਅਕਤੀਆਂ ਵਲੋਂ ਹਮਲਾ ਕਰਨ ਦੀ ਖਬਰ ਹੈ। ਇਸ ਬਾਰੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਪੀਡ਼ਤ ਅਜਾਨੇ ਫੈਜਾਨ ਅਹਿਮਦ ਪੁੱਤਰ ਵਇਆਦ ਅਹਿਮਦ ਵਾਸੀ ਸੰਪੁਰ ਜ਼ਿਲਾ ਬਾਰਾਮੂਲਾ (ਕਸ਼ਮੀਰ) ਹਾਲ ਵਾਸੀ ਰੇਟ ਕਮਰਾ ਨੰਬਰ 412 ਬਲਾਕ 04 ਥਰਡ ਫਲੋਰ ਹਾਊਸਫੈੱਡ ਕੁਆਰਟਰ ਨੇਡ਼ੇ ਟੈਕਸ ਬੈਰੀਅਰ ਬਨੂਡ਼ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਗਿਆਨ ਸਾਗਰ ਹਸਪਤਾਲ ਰਾਮਨਗਰ ਬਨੂੜ ’ਚ ਕਰ ਰਿਹਾ ਹੈ। ਮਿਤੀ 23-24 ਦੀ ਦਰਮਿਆਨੀ ਰਾਤ ਸਮੇ ਮੈਂ ਤੇ ਮੇਰਾ ਦੋਸਤ ਵਾਸਿਕ ਪੁੱਤਰ ਹਸਮਾਯਤੂ ਵਾਸੀ ਸੁਪਨ ਜ਼ਿਲਾ ਸੁਪਨ ਆਪਣੇ ਦੋਸਤ ਆਕਿਬ ਦੇ ਰੂਮ ਨੰਬਰ 9 ਬਲਾਕ 34 ਥਰਡ ਫਲੋਰ ’ਚ ਬੈਠੇ ਆਪਸ ’ਚ ਗੱਲਾ ਕਰ ਰਹੇ ਸੀ।
ਕਰੀਬ ਸਵੇਰੇ 3:00 ਮੈਂ ਤੇ ਵਾਸਿਕ ਆਪੋ-ਆਪਣੇ ਕਮਰਿਆਂ ’ਚ ਜਾਣ ਲੱਗੇ ਤਾਂ ਜਦੋਂ ਮੈਂ 5 ਅਤੇ 6 ਬਲਾਕ ਦੇ ਵਿਚਕਾਰ ਪੁੱਜਾ ਤਾਂ ਮੈਨੂੰ ਹਰਿਆਣਾ ਅਤੇ ਬਨੂਡ਼ ਦੇ ਕਰੀਬ 10-12 ਲਡ਼ਕੇ ਹੁੱਲੜਬਾਜ਼ੀ ਕਰਦੇ ਹੋਏ ਮਿਲੇ, ਜਿਨ੍ਹਾਂ ’ਚੋਂ ਮੈਂ ਪ੍ਰਵੀਨ, ਚਿਰਾਗ, ਸੂਰੀਆਂਸ਼ ਅਤੇ ਰਾਹੁਲ ਨੂੰ ਪਹਿਚਾਣਦਾ ਸੀ। ਜਦੋ ਮੈਂ ਤੇ ਮੇਰਾ ਦੋਸਤ ਇਨ੍ਹਾਂ ਕੋਲ ਪਹੁੰਚੇ ਤਾਂ ਉਕਤ ਨੌਜਵਾਨ ਸਾਰੇ ਸਾਡੇ ਵੱਲ ਦੌੜ ਕੇ ਆਏ ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਅਸੀਂ ਗਾਲੀ-ਗਲੋਚ ਕਰਨ ’ਤੋਂ ਰੋਕਿਆ ਤਾਂ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ।
ਮੇਰੇ ਦੋਸਤ ਵਾਸਿਕ ਨੇ ਭੱਜ ਕੇ ਜਾਨ ਬਚਾਈ ਅਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਚਿਰਾਗ ਨੇ ਚਾਕੂ ਨਾਲ ਮੇਰੀ ਪਿੱਠ ’ਤੇ ਵਾਰ ਕੀਤਾ ਅਤੇ ਮੇਰਾ ਮੋਬਾਇਲ ਭੰਨ੍ਹ ਦਿੱਤਾ। ਮੈਨੂੰ ਹੁਣ ਪਤਾ ਲੱਗਾ ਹੈ ਕਿ ਉਕਤ ਨੌਜਵਾਨਾਂ ਨੇ ਰਾਤ ਹਾਊਸਫੈੱਡ ਵਿਚ ਹੋਰ ਨੌਜਵਾਨਾਂ ਦੀ ਵੀ ਕੁੱਟਮਾਰ ਕੀਤੀ ਅਤੇ ਸਕਿਓਰਟੀ ਗਾਰਡਾਂ ਨਾਲ ਵੀ ਹੱਥੋਪਾਈ ਕੀਤੀ ਹੈ। ਇਸ ਤੋਂ ਬਾਅਦ ਪੀਡ਼ਤ ਦੇ ਬਿਆਨ ਲੈਣ ਲਈ ਹਸਪਤਾਲ ਪਹੁੰਚੀ ਪੁਲਸ ਪਾਰਟੀ ਵੱਲੋਂ ਪ੍ਰਵੀਨ, ਚਿਰਾਗ, ਸੂਰੀਆਂਸ਼ ਅਤੇ ਰਾਹੁਲ ਬਨੂਡ਼ ਅਤੇ ਕੁਝ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਮਨਜੀਤ ਸਿੰਘ ਬਰਾਡ਼ ਅਤੇ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਵੱਲੋਂ ਹਾਊਸਫੈਡ ’ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਪੁਲਸ ਉਨ੍ਹਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ।