ਸੂਬੇ ’ਚ ਸ਼ਰਾਰਤੀ ਅੰਨਸਰਾਂ ਵੱਲੋਂ ਅਪਰਾਧਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜਲੰਧਰ ਵਿੱਚ ਬਸਤੀ ਸ਼ੇਖ ਅੱਡਾ ਚੌਂਕ ਦੇ ਨੇੜੇ ਇੱਕ ਸੁਰੱਖਿਆ ਗਾਰਡ ਉਸ ਸਮੇਂ ਜ਼ਖ਼ਮੀ ਹੋ ਗਿਆ, ਜਦੋਂ ਸ਼੍ਰੀ ਵਾਲਮੀਕਿ ਮੰਦਿਰ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਘਟਨਾ ਐਤਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਜਾਣਕਾਰੀ ਮੁਤਾਬਕ ਰਣਜੀਤ ਸਿੰਘ ਸੁਰੱਖਿਆ ਗਾਰਡ ਵੱਜੋਂ ਰਣਜੀਤ ਸਿੰਘ ਸਤਕਰਤਾਰ ਐਨਕਲੇਵ ਵਿੱਚ ਕੰਮ ਕਰਦਾ ਹੈ। ਇੱਥੇ ਜਦੋਂ ਕੁੱਝ ਨੌਜਵਾਨਾਂ ਨੂੰ ਉਸਨੇ ਬਿਨ੍ਹਾਂ ਕੰਮ ਦੇ ਘੁੰਮਦੇ ਦੇਖਿਆ ਤਾਂ ਸੁਰੱਖਿਆ ਗਾਰਡ ਨੇ ਮਨ੍ਹਾਂ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਨੌਜਵਾਨ ਆਪਣੇ ਕੁੱਝ ਸਾਥੀਆਂ ਨਾਲ ਆਏ ਅਤੇ ਤਲਵਾਰਾਂ ਸਣੇ ਤੇਜ਼ਧਾਰ ਹਥਿਆਰਾਂ ਨਾਲ ਗਾਰਡ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਗਾਰਡ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਰੌਲਾ ਰੱਪਾ ਸੁਣ ਕੇ ਕਲੋਨੀ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਜ਼ਖਮੀ ਗਾਰਡ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਜਿੰਨ੍ਹਾਂ ਨੇ ਦੋਸ਼ੀਆਂ ਦੀ ਭਾਲ ਲਈ ਸੀਸੀਟੀਵੀ ਖੰਗਲਾਣੇ ਸ਼ੁਰੂ ਕਰ ਦਿੱਤੇ ਹਨ।