ਚੰਡੀਗੜ੍ਹ 5 ਦਸੰਬਰ ( ਪੀਐਨ ਬਿਓਰੋ) ਅਕਾਲ ਤਖ਼ਤ ਸਾਹਿਬ ਦੇ ਅਦੇਸ ਅਨੁਸਾਰ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉੱਪਰ ਜਾਨ ਲੇਵਾ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ।
ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ। ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਸੁਖਬੀਰ ਸਿੰਘ ਬਾਦਲ ਉੱਤੇ ਦਰਬਾਰ ਸਾਹਿਬ ਦੇ ਮੁੱਖ ਗੇਟ ਬਾਹਰ ਹੋਏ ਹਮਲੇ ਨੇ ਪੰਜਾਬ ਦੇ ਅਤੀਤ ਦੀਆਂ ਖਾੜਕੂ ਘਟਨਾਵਾਂ ਨੂੰ ਦੁਬਾਰਾ ਚਰਚਾ ਵਿੱਚ ਲਿਆ ਦਿੱਤਾ ਹੈ। ਇਹ ਘਟਨਾ ਸਿਰਫ਼ ਇੱਕ ਸਿਆਸੀ ਹਮਲਾ ਨਹੀਂ, ਸਗੋਂ ਇਸ ਦੀਆਂ ਜੜ੍ਹਾਂ ਪੰਜਾਬ ਦੇ ਉਸ ਦੁਖਾਂਤਕ ਦੌਰ ਨਾਲ ਜੋੜੀਆਂ ਜਾ ਸਕਦੀਆਂ ਹਨ, ਜਦੋਂ 1980 ਅਤੇ 1990 ਦੇ ਦਹਾਕੇ ਵਿਚ ਖਾੜਕੂਵਾਦ ਆਪਣੇ ਸ਼ਿਖਰ ਤੇ ਸੀ।
ਦਲ ਖ਼ਾਲਸਾ ਨਾਲ ਜੁੜੇ ਨਰਾਇਣ ਸਿੰਘ ਚੌੜਾ ਵਲੋਂ ਕੀਤੇ ਗਏ ਇਸ ਹਮਲੇ ਨੂੰ ਬੂੜੈਲ ਜੇਲ ਬਰੇਕ ਕਾਂਢ ਨਾਲ ਜੋੜਿਆ ਜਾ ਰਿਹਾ ਹੈ, ਜੋ ਖੁਦ ਹੀ ਖਾੜਕੂ ਹਲਚਲ ਦਾ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਹਾਲਾਤ ਹਾਲੇ ਵੀ ਸਿਆਸੀ ਤੇ ਧਾਰਮਿਕ ਤਣਾਅ ਦੇ ਪ੍ਰਭਾਵਾਂ ਤੋਂ ਆਜ਼ਾਦ ਨਹੀਂ ਹੋਏ। ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਬਾਹਰ ਹੋਈ ਇਹ ਘਟਨਾ ਸਿਰਫ ਸਿਆਸੀ ਮੁੱਦੇ ਤਕ ਸੀਮਿਤ ਨਹੀਂ ਰਹਿੰਦੀ, ਸਗੋਂ ਇਸਦਾ ਪ੍ਰਭਾਵ ਸਮਾਜਕ ਅਤੇ ਧਾਰਮਿਕ ਮਾਹੌਲ ‘ਤੇ ਵੀ ਪੈਂਦਾ ਹੈ।
1980-90 ਦੇ ਦੌਰਾਨ ਅਜਿਹੀਆਂ ਘਟਨਾਵਾਂ ਨੇ ਪੰਜਾਬ ਵਿੱਚ ਸ਼ਿਖਰ ਦੀ ਸਥਿਤੀ ਪੈਦਾ ਕੀਤੀ ਸੀ।
ਖਾੜਕੂ ਗਤਿਵਿਧੀਆਂ ਨੇ ਜਿਥੇ ਇੱਕ ਪਾਸੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਇਆ ਸੀ, ਉਥੇ ਹੀ ਸਿਆਸੀ ਆਗੂਆਂ ਦੀਆਂ ਜ਼ਿੰਦਗੀਆਂ ਵੀ ਹਮੇਸ਼ਾ ਖ਼ਤਰੇ ਵਿੱਚ ਨਜ਼ਰ ਆ ਰਹੀਆਂ। ਸੁਖਬੀਰ ਸਿੰਘ ਬਾਦਲ ਊਪਰ ਹਮਲੇ ਨੂੰ ਉਸੇ ਤਰਜ਼ ‘ਤੇ ਦੇਖਿਆ ਜਾ ਸਕਦਾ ਹੈ, ਜਿੱਥੇ ਸਿਆਸੀ ਤੇ ਧਾਰਮਿਕ ਮਤਭੇਦਾਂ ਨੂੰ ਹਿੰਸਾ ਦਾ ਰੂਪ ਦੇ ਦਿੱਤਾ ਜਾਂਦਾ ਹੈ।
ਇਹ ਘਟਨਾ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਅਜੇ ਵੀ ਪੰਜਾਬ ਵਿੱਚ ਕੁਝ ਅਜਿਹੇ ਤੱਤ ਮੌਜੂਦ ਹਨ, ਜੋ ਖਾੜਕੂਵਾਦ ਦੀ ਵਿਰਾਸਤ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਅਤੇ ਸਮਾਜ ਨੂੰ ਮਿਲਕੇ ਅਜਿਹੇ ਹਲਾਤਾਂ ਦਾ ਹੱਲ ਲੱਭਣ ਦੀ ਲੋੜ ਹੈ, ਤਾਂ ਜੋ ਪੰਜਾਬ ਦੇ ਵਾਤਾਵਰਣ ਨੂੰ ਫਿਰ ਤੋਂ ਧਾਰਮਿਕ ਅਤੇ ਸਿਆਸੀ ਸਾਂਝ ਦਾ ਪ੍ਰਤੀਕ ਬਣਾਇਆ ਜਾ ਸਕੇ।