ਅਬੋਹਰ (ਸੁਨੀਲ)- ਅੱਜ-ਕੱਲ ਦੇ ਜ਼ਮਾਨੇ ‘ਚ ਰਿਸ਼ਤਿਆਂ ਦੀ ਤਾਂ ਕੋਈ ਵੈਲਿਊ ਹੀ ਨਹੀਂ ਰਹਿ ਗਈ। ਹਰ ਕੋਈ ਪੈਸੇ ਪਿੱਛੇ ਅੰਨ੍ਹਾ ਹੋਇਆ ਫਿਰਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਇੱਥੋਂ ਦੇ ਨਗਰ ਥਾਣਾ ਨੰਬਰ 1 ਤੋਂ ਸਾਹਮਣੇ ਆਇਆ ਹੈ, ਜਿੱਥੇ ਇਲਾਕੇ ਦੀ ਇਕ ਔਰਤ ਨੂੰ ਉਸ ਦੀ ਹੀ ਮਾਸੀ ਵੱਲੋਂ ਅਜ਼ੀਮਗੜ੍ਹ ਦੇ ਕੁਝ ਲੋਕਾਂ ਨਾਲ ਮਿਲ ਕੇ ਬੀਕਾਨੇਰ ਦੇ ਇਕ ਵਿਅਕਤੀ ਨੂੰ ਤਿੰਨ ਲੱਖ ’ਚ ਵੇਚ ਦਿੱਤਾ ਗਿਆ। ਖਰੀਦਦਾਰ ਨੇ ਕਰੀਬ ਇਕ ਮਹੀਨੇ ਤੱਕ ਔਰਤ ਨਾਲ ਜਬਰ-ਜ਼ਨਾਹ ਕੀਤਾ। ਉਕਤ ਔਰਤ ਕਿਸੇ ਤਰ੍ਹਾਂ ਆਪਣੇ ਪਰਿਵਾਰ ਦੀ ਮਦਦ ਨਾਲ ਇਥੇ ਪਹੁੰਚ ਗਈ ਅਤੇ ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਜਾਣਕਾਰੀ ਮੁਤਾਬਕ 26 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਪੀਲੀਬੰਗਾ ਨਿਵਾਸੀ ਨੌਜਵਾਨ ਨਾਲ ਹੋਇਆ ਹੈ। ਇਥੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਉਸ ਦੀ ਕਰੀਬ 7 ਸਾਲ ਦੀ ਇਕ ਧੀ ਵੀ ਹੈ। ਪੀੜਤਾ ਨੇ ਦੱਸਿਆ ਕਿ ਰੋਜ਼ੀ-ਰੋਟੀ ਕਮਾਉਣ ਲਈ ਉਹ ਅਕਸਰ ਬਕੈਣਵਾਲਾ ਦੀ ਰਹਿਣ ਵਾਲੀ ਆਪਣੀ ਮਾਸੀ ਨਾਲ ਬਾਗਾਂ ’ਚ ਕਿੰਨੂ ਤੋੜਨ ਜਾਂਦੀ ਸੀ।
ਪੀੜਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਹ ਆਪਣੀ ਲੜਕੀ ਸਮੇਤ ਮਾਸੀ ਕੋਲ ਰਹਿਣ ਗਈ ਸੀ ਤਾਂ ਉਸ ਦੀ ਮਾਸੀ ਨੇ ਇਕ ਡੂੰਘੀ ਸਾਜ਼ਿਸ਼ ਤਹਿਤ ਉਸ ਨੂੰ ਪੰਜ ਨੌਜਵਾਨਾਂ ਵਾਸੀ ਅਜ਼ੀਮਗੜ੍ਹ ਨਾਲ ਮਿਲ ਕੇ ਮਨੁੱਖੀ ਸਮੱਗਲਿੰਗ ਦਾ ਧੰਦਾ ਬਣਾ ਕੇ ਵੇਚਣ ਦੀ ਯੋਜਨਾ ਬਣਾਈ। ਕਥਿਤ ਦੋਸ਼ਾਂ ਅਨੁਸਾਰ ਉਸ ਦੀ ਮਾਸੀ ਉਸ ਨੂੰ ਮਜ਼ਦੂਰੀ ਕਰਨ ਦੇ ਬਹਾਨੇ ਅਜ਼ੀਮਗੜ੍ਹ ਲੈ ਗਈ, ਜਿਥੇ ਉਥੇ ਮੌਜੂਦ ਪੰਜ ਨੌਜਵਾਨਾਂ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਆ ਦਿੱਤੀ ਅਤੇ ਉਸ ਤੋਂ ਬਾਅਦ ਉਹ ਉਸ ਨੂੰ ਰੇਲ ਗੱਡੀ ਰਾਹੀਂ ਬੀਕਾਨੇਰ ਲੈ ਗਏ, ਜਿਥੇ ਉਸ ਦੀ ਮਾਸੀ ਨੇ ਉਸ ਨੂੰ ਬੀਕਾਨੇਰ ਦੇ 12 ਖੁਰਦ ਹੌਸੀਆ ਵਾਸੀ ਇਕ ਵਿਅਕਤੀ ਨੂੰ ਵੇਚ ਦਿੱਤਾ।