ਲੁਧਿਆਣਾ: ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਵਿਅਕਤੀ ਤੋਂ 25 ਲੱਖ ਰੁਪਏ ਦੀ ਠੱਗੀ ਮਾਰ ਕੇ ਸ਼ਾਤਰ ਠੱਗ ਫ਼ਰਾਰ ਹੋ ਗਏ। ਆਪਣੀ ਜ਼ਿੰਦਗੀ ਦੀ ਪੂੰਜੀ ਬਰਬਾਦ ਕਰਨ ਤੋਂ ਬਾਅਦ ਪੀੜਤ ਹੁਣ ਠੋਕਰਾਂ ਖਾ ਰਿਹਾ ਹੈ।
ਪੀੜਤ ਮੁਲਜ਼ਮਾਂ ਨੂੰ 10 ਸਾਲਾਂ ਤੋਂ ਜਾਣਦਾ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਹ ਕਮੇਟੀਆਂ ਦੇ ਨਾਂ ’ਤੇ ਮੋਟਾ ਮੁਨਾਫ਼ਾ ਲੈ ਕੇ ਪੈਸੇ ਹੜੱਪਦੇ ਰਹੇ। ਉਨ੍ਹਾਂ ਨੇ ਉਸ ਦੀ ਅਸਲ ਰਕਮ ਵੀ ਉਸ ਨੂੰ ਵਾਪਸ ਨਹੀਂ ਕੀਤੀ। ਹੁਣ ਮੁਲਜ਼ਮ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ ਹਨ ਅਤੇ ਪੀੜਤ ਧਿਰ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਲਈ ਪੁਲਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ ਰਹੀ ਹੈ।
ਪੀੜਤ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਲਈ ਏ. ਡੀ. ਸੀ. ਪੀ.-2 ਦੇ ਦਫ਼ਤਰ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ। ਗਿੱਲ ਰੋਡ ’ਤੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਟੋਆਂ ਦੀ ਮੁਰੰਮਤ ਦਾ ਕੰਮ ਕਰ ਰਿਹਾ ਹੈ। ਮੁਲਜ਼ਮਾਂ ਨਾਲ ਉਸ ਦੀ ਕਰੀਬ 10 ਸਾਲਾਂ ਤੋਂ ਚੰਗੀ ਜਾਣ-ਪਛਾਣ ਸੀ।
ਇਕ ਦਿਨ ਉਹ ਮੁੱਖ ਮੁਲਜ਼ਮ ਨੂੰ ਮਿਲਿਆ ਅਤੇ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਉਸ ਤੋਂ 12.50 ਲੱਖ ਰੁਪਏ ਦਾ ਕਰਜ਼ਾ ਮੰਗਿਆ। ਅਮਰਜੀਤ ਸਿੰਘ ਨੇ ਉਸ ਨੂੰ ਇਹ ਰਕਮ ਦੇ ਦਿੱਤੀ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਉਸ ਨੇ ਅਮਰਜੀਤ ਸਿੰਘ ਨੂੰ ਪੈਸੇ ਵਾਪਸ ਨਹੀਂ ਕੀਤੇ। ਅਮਰਜੀਤ ਸਿੰਘ ਨੇ ਸਖ਼ਤੀ ਨਾਲ ਉਸ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 8.50 ਲੱਖ ਰੁਪਏ ਵਾਪਸ ਕਰ ਦਿੱਤੇ।
ਉਸ ਨੇ ਅਮਰਜੀਤ ਨੂੰ ਧੋਖਾ ਦਿੱਤਾ ਕਿ ਉਹ ਕਮੇਟੀਆਂ ’ਤੇ ਕੰਮ ਕਰਦਾ ਹੈ ਅਤੇ ਉਹ ਵੀ ਆਪਣੇ ਨਾਲ ਕਮੇਟੀ ਪਾ ਲਵੇ। ਉਹ ਉਸ ਨੂੰ ਚੰਗਾ ਮੁਨਾਫਾ ਦੇਵੇਗਾ ਅਤੇ ਉਸ ਦੇ ਬਾਕੀ 4 ਲੱਖ ਰੁਪਏ ਵੀ ਕਮੇਟੀ ਵਿਚ ਹੀ ਐਡਜਸਟ ਕਰੇਗਾ।
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਤੋਂ ਕਮੇਟੀ ਦੇ ਨਾਂ ’ਤੇ ਸਮੇਂ-ਸਮੇਂ ’ਤੇ 5 ਲੱਖ ਰੁਪਏ ਲੈ ਲਏ।ਇਸ ਤੋਂ ਬਾਅਦ ਚਲਾਕ ਠੱਗ ਨੇ ਖੇਡ ਖੇਡਦੇ ਹੋਏ ਆਪਣੇ ਹੀ ਇਕ ਜਾਣਕਾਰ ਨੂੰ ਕਮੇਟੀ ਚੁਕਾ ਦਿੱਤੀ ਅਤੇ ਅਮਰਜੀਤ ਸਿੰਘ ਨੂੰ 3 ਲੱਖ ਰੁਪਏ ਦੇਣ ਲਈ ਕਿਹਾ, ਜਿਸ ਦੀ ਰਕਮ ਉਸ ਦੀ ਕਮੇਟੀ ਆਉਣ ’ਤੇ ਐਡਜਸਟ ਕਰ ਦਿੱਤੀ ਜਾਵੇਗੀ।
ਇਸ ਤਰ੍ਹਾਂ ਉਸ ਨੇ ਅਮਰਜੀਤ ਸਿੰਘ ਤੋਂ 3 ਲੱਖ ਰੁਪਏ ਹੋਰ ਲੈ ਲਏ। ਇਸ ਤਰ੍ਹਾਂ ਮੁਲਜ਼ਮਾਂ ਨੇ ਅਮਰਜੀਤ ਸਿੰਘ ਤੋਂ ਕੁੱਲ 12 ਲੱਖ ਰੁਪਏ ਲੈ ਲਏ ਅਤੇ ਕਦੇ ਵੀ ਉਸ ਨੂੰ ਕੋਈ ਕਮੇਟੀ ਨਹੀਂ ਚੁਕਾਈ ਅਤੇ ਲਾਅਰੇਬਾਜ਼ੀ ਕਰ ਕੇ ਸਮਾਂ ਕੱਢਦੇ ਰਹੇ।
ਇਸ ਤਰ੍ਹਾਂ ਅਮਰਜੀਤ ਸਿੰਘ ਨੂੰ ਮੁਨਾਫਾ ਤਾਂ ਕੀ ਦੇਣਾ ਉਸ ਦੀ ਮੂਲ ਰਕਮ ਵੀ ਹੜੱਪ ਲਈ ਗਈ।