ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਬੱਬੂ ਮਾਨ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪਹਿਲੀ ਵਾਰ ਚੁੱਪੀ ਤੋੜੀ ਹੈ। ਬੱਬੂ ਮਾਨ ਨੇ ਮੂਸੇਵਾਲਾ ਦੇ ਕਤਲ ਦੇ 3 ਸਾਲ ਬਾਅਦ ਇਸ ਮਾਮਲੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੂਸੇਵਾਲਾ ਦਾ ਨਾਂ ਲਏ ਬਿਨਾਂ ਕਿਹਾ ਕਿ ਲੜਾਈ ਕਿਸੇ ਦੀ ਅਤੇ ਏਜੰਸੀਆਂ ਕੋਲ ਸਾਡੇ ਵਰਗਾ ਘੁੰਮਦਾ ਰਿਹਾ। ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨਿਆਂ ਤੱਕ ਥਾਣਿਆਂ ‘ਚ ਘੁੰਮਦਾ ਰਿਹਾ। ਦੱਸਣਯੋਗ ਹੈ ਕਿ ਇੰਨੀ ਦਿਨੀਂ ਬੱਬੂ ਮਾਨ ਕੈਨੇਡਾ ਟੂਰ ‘ਤੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਵੈਂਕੂਵਰ ‘ਚ ਸ਼ੋਅ ਕੀਤਾ। ਸ਼ੁਰੂ ‘ਚ ਇਸ ਸ਼ੋਅ ਦਾ ਵਿਰੋਧ ਹੋਇਆ ਪਰ ਜਦੋਂ ਸ਼ੋਅ ਹੋਇਆ ਤਾਂ ਹਿਟ ਹੋ ਗਿਆ। ਇਸ ਦੌਰਾਨ ਬੱਬੂ ਮਾਨ ਨੇ ਇਹ ਗੱਲਾਂ ਕਹੀਆਂ ਸਨ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਕਲੀਨ ਚਿਟ ਦੇ ਦਿੱਤੀ ਹੈ ਪਰ ਬੱਬੂ ਮਾਨ ਕਦੇ ਵੀ ਇਸ ਮਸਲੇ ‘ਤੇ ਖੁੱਲ੍ਹ ਕੇ ਨਹੀਂ ਬੋਲੇ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਕਤਲ ਕਰ ਦਿੱਤਾ ਗਿਆ ਸੀ। ਉਦੋਂ ਉਹ 28 ਸਾਲ ਦੇ ਸਨ। ਉਹ ਆਪਣੀ ਮਹਿੰਦਰਾ ਥਾਰ ‘ਚ ਜਾ ਰਹੇ ਸਨ, ਉਦੋਂ ਉਨ੍ਹਾਂ ਦੇ ਵਾਹਨ ਨੂੰ ਦੂਜੇ ਵਾਹਨਾਂ ਨੇ ਘੇਰ ਲਿਆ ਅਤੇ ਲਗਭਗ 30 ਰਾਊਂਡ ਫਾਇਰਿੰਗ ਕੀਤੀ ਗਈ। ਇਸ ਗੋਲੀਬਾਰੀ ‘ਚ ਮੂਸੇਵਾਲਾ ਦੀ ਮੌਤ ਹੋ ਗਈ ਸੀ, ਜਦੋਂ ਕਿ 2 ਹੋਰ ਲੋਕ ਜ਼ਖ਼ਮੀ ਹੋਏ।