ਜਲੰਧਰ – ਬੈਂਕ ਐਨਕਲੇਵ ਨਿਵਾਸੀ ਇਕ ਵਿਅਕਤੀ ਨੂੰ ਫੋਨ ਕਰ ਕੇ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਝਾਂਸਾ ਦੇ ਕੇ ਲਿੰਕ ਖੁਲ੍ਹਵਾ ਕੇ ਨੌਸਰਬਾਜ਼ ਵੱਲੋਂ ਕਾਰਡ ਨਾਲ 35000 ਰੁਪਏ ਕਢਵਾ ਲਏ ਗਏ। ਇਸਦੀ ਸ਼ਿਕਾਇਤ ਪੀੜਤ ਨੇ ਪੁਲਸ ਨੂੰ ਦਿੱਤੀ, ਜਿਸਦੀ ਜਾਂਚ ਤੋਂ ਬਾਅਦ ਥਾਣਾ ਨੰਬਰ 7 ਵਿਚ ਅਣਪਛਾਤੇ ਨੌਸਰਬਾਜ਼ ਖਿਲਾਫ ਕੇਸ ਦਰਜ ਕਰ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਾਹਿਜਾ ਰਾਮ ਨਿਵਾਸੀ ਬੈਂਕ ਐਨਕਲੇਵ ਨੇ ਦੱਸਿਆ ਕਿ ਉਸਨੂੰ ਕੁਝ ਦਿਨ ਪਹਿਲਾਂ ਇਕ ਫੋਨ ਆਇਆ ਸੀ ਕਿ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਬੈਂਕ ਵੱਲੋਂ ਵਧਾਈ ਗਈ ਹੈ। ਫੋਨ ਕਰਨ ਵਾਲਾ ਖੁਦ ਨੂੰ ਬੈਂਕ ਕਰਮਚਾਰੀ ਦੱਸ ਰਿਹਾ ਸੀ, ਜਿਸ ਨੇ ਕਿਹਾ ਕਿ ਉਹ ਉਸਨੂੰ ਵ੍ਹਟਸਐਪ ’ਤੇ ਲਿੰਕ ਭੇਜੇਗਾ ਤਾਂ ਤੁਸੀਂ ਉਸ ’ਤੇ ਕਲਿੱਕ ਕਰਨਾ ਹੈ, ਜਿਸ ਦੇ ਬਾਅਦ ਲਿਮਿਟ ਖੁਦ ਹੀ ਵਧ ਜਾਵੇਗੀ।
ਸਾਹਿਜਾ ਰਾਮ ਨੇ ਕਿਹਾ ਕਿ ਜਿਉਂ ਹੀ ਉਸਨੇ ਲਿੰਕ ’ਤੇ ਕਲਿੱਕ ਕੀਤਾ ਤਾਂ ਉਸਦੇ ਅਕਾਊਂਟ ਵਿਚੋਂ 35000 ਰੁਪਏ ਨਿਕਲ ਗਏ। ਉਸਨੇ ਆਪਣਾ ਕਾਰਡ ਤੁਰੰਤ ਲਾਕ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸਾਈਬਰ ਸੈੱਲ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕਰ ਲਿਆ ਹੈ।