ਮਾਛੀਵਾੜਾ ਸਾਹਿਬ : ਕਿਸਾਨਾਂ ਵਲੋਂ ਅੱਜ ‘ਪੰਜਾਬ ਬੰਦ’ ਦੇ ਸੱਦੇ ‘ਤੇ ਸੜਕੀ ਅਤੇ ਰੇਲ ਆਵਾਜਾਈ ਨੂੰ ਰੋਕਿਆ ਗਿਆ ਹੈ। ਥਾਂ-ਥਾਂ ‘ਤੇ ਧਰਨੇ ਲਾਏ ਗਏ ਹਨ। ਕਿਸਾਨਾਂ ਨੇ ‘ਪੰਜਾਬ ਬੰਦ’ ਦੇ ਮੱਦੇਨਜ਼ਰ ਬਾਜ਼ਾਰ, ਦੁਕਾਨਾਂ, ਬੈਂਕ, ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਬੰਦ ਕਰਨ ਦੀ ਅਪੀਲ ਕੀਤੀ ਸੀ।
ਇਸ ਦੇ ਬਾਵਜੂਦ ਅੱਜ ਮਾਛੀਵਾੜਾ ਸਾਹਿਬ ‘ਚ ਕੁੱਝ ਬੈਂਕ ਖੁੱਲ੍ਹੇ ਹੋਏ ਸਨ, ਜਿਨ੍ਹਾਂ ਨੂੰ ਕਿਸਾਨਾਂ ਵਲੋਂ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਮਾਛੀਵਾੜਾ ਦੇ ਸਮਰਾਲਾ ਰੋਡ, ਲੁਧਿਆਣਾ ਰੋਡ ਅਤੇ ਰਾਹੋਂ ਰੋਡ ਮੁਕੰਮਲ ਤੌਰ ‘ਤੇ ਬੰਦ ਕੀਤੇ ਹੋਏ ਹਨ।
ਇੱਥੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਅਤੇ ਲੋਕਾਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ। ਦੱਸਣਯੋਗ ਹੈ ਕਿ ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਇਹ ਬੰਦ ਸ਼ਾਮ 4 ਵਜੇ ਤੱਕ ਜਾਰੀ ਰਹੇਗਾ ਪਰ ਐਮਰਜੇਂਸੀ ਸੇਵਾਵਾਂ ’ਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਜਿਹੜੇ ਲੋਕਾਂ ਨੂੰ ਐਮਰਜੇਂਸੀ ਕਿਧਰੇ ਜਾਣਾ ਪੈ ਰਿਹਾ ਹੈ, ਉਨ੍ਹਾਂ ਨੂੰ ਵੀ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ।