ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਅੱਜ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਦਿੱਤੀਆਂ ਸੇਵਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਦ ਦੇ ਨਾਲ ਤਿੰਨ ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਨਾਮਜ਼ਦ ਕੌਂਸਲਰ ਸਤਿੰਦਰ ਸਿੱਧੂ, ਮਨੂੰ ਭਸੀਨ ਅਤੇ ਰਵਿੰਦਰ ਪਠਾਨੀਆ ਵੀ ਮੌਜੂਦ ਰਹੇ।
ਮੁਲਾਕਾਤ ਤੋਂ ਬਾਅਦ ਅਰੁਣ ਸੂਦ ਪੱਤਰਕਾਰਾਂ ਦੇ ਮੁਖ਼ਾਤਿਬ ਹੋਏ ਅਤੇ ਸਾਬਕਾ ਰਾਜਪਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਨਵਾਰੀ ਲਾਲ ਪੁਰੋਹਿਤ ਇੱਕ ਪੂਰਨ ਸੱਜਣ ਅਤੇ ਇੱਕ ਇਮਾਨਦਾਰ ਵਿਅਕਤੀ ਹਨ। ਉਨ੍ਹਾਂ ਨੇ ਨਿਰਸਵਾਰਥ ਹੋ ਕੇ ਚੰਡੀਗੜ੍ਹ ਦੇ ਨਾਗਰਿਕਾਂ ਦੀ ਸੇਵਾ ਕੀਤੀ ਅਤੇ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ। ਪੰਜਾਬ ਦੇ ਗਵਰਨਰ ਵਜੋਂ ਉਨ੍ਹਾਂ ਨੇ ਸਾਦਗੀ ਦਾ ਅਮਿੱਟ ਛਾਪ ਛੱਡਿਆ ਕਿਉਂਕਿ ਉਨ੍ਹਾਂ ਨੇ ਕਦੇ ਵੀ ਕਿਸੇ ਸਰਕਾਰੀ ਦੌਰੇ ਲਈ ਰਾਜ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ, ਉਨ੍ਹਾਂ ਨੇ ਰਾਜ ਦੇ ਹਰ ਹਿੱਸੇ ਦਾ ਸੜਕੀ ਦੌਰਾ ਕੀਤਾ। ਇਸ ਦੇ ਨਾਲ ਹੀ ਸੂਦ ਨੇ ਵਿਦਾਇਗੀ ਦਿੰਦੇ ਹੋਏ ਸਾਬਕਾ ਰਾਜਪਾਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸ਼ਹਿਰ ਨੂੰ ਉਨ੍ਹਾਂ ਦੀ ਯਾਦ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੌਜੂਦਾ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਮ ਚੋਣਾਂ ਤੋਂ ਪਹਿਲਾਂ ਕੁੱਝ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਪਹਿਲਾਂ ਤਾਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ, ਪਰ ਬਾਅਦ ’ਚ 27 ਜੁਲਾਈ ਨੂੰ ਉਨ੍ਹਾਂ ਦਾ ਅਸਤੀਫਾ ਕੇਂਦਰ ਸਰਕਾਰ ਵੱਲੋਂ ਮੰਜ਼ੂਰ ਕਰ ਲਿਆ ਗਿਆ। ਹੁਣ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਉਨ੍ਹਾਂ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ।