ਬਠਿੰਡਾ : ਨਗਰ ਨਿਗਮ ਬਠਿੰਡਾ ਨੂੰ ਸਵੱਛ ਸਰਵੇਖਣ-2024 ਤਹਿਤ ਰਾਜ ਪੱਧਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕੱਲ੍ਹ ਇਸ ਸਬੰਧ ’ਚ ਨਗਰ ਨਿਗਮ ਨੂੰ ਇਕ ਪੱਤਰ ਭੇਜਿਆ ਹੈ ਅਤੇ ਪੁਰਸਕਾਰ ਪ੍ਰਾਪਤ ਕਰਨ ਲਈ ਇਕ ਵਫਦ ਨੂੰ ਨਾਮਜ਼ਦ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜੁਲਾਈ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਹੋਣ ਵਾਲੇ ਇਕ ਸਮਾਰੋਹ ਵਿਚ ਨਗਰ ਨਿਗਮ ਨੂੰ ਇਹ ਸਨਮਾਨ ਪ੍ਰਦਾਨ ਕਰਨਗੇ। ਬਠਿੰਡਾ ਦਾ ਨਾਂ ‘ਸਵੱਛਤਾ ਸੁਪਰ ਲੀਗ’ ’ਚ ਸ਼ਾਮਲ ਮੰਤਰਾਲੇ ਨੇ ਇਸ ਵਾਰ ਬਠਿੰਡਾ ਨੂੰ ‘ਸਵੱਛਤਾ ਸੁਪਰ ਲੀਗ’ ’ਚ ਸ਼ਾਮਲ ਕੀਤਾ ਹੈ।
ਪਹਿਲਾਂ, ਇਸ ਲੀਗ ’ਚ ਉਹ ਸ਼ਹਿਰ ਸ਼ਾਮਲ ਸਨ, ਜੋ ਲਗਾਤਾਰ ਦੋ ਸਾਲਾਂ ਤੋਂ ਟਾਪ-3 ’ਚ ਸਨ ਪਰ ਹੁਣ ਇਹ ਮਿਆਦ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਲੀਗ ’ਚ ਸ਼ਾਮਲ ਸ਼ਹਿਰਾਂ ਦੀ ਕੋਈ ਵੱਖਰੀ ਦਰਜਾਬੰਦੀ ਨਹੀਂ ਹੈ ਪਰ ਉਨ੍ਹਾਂ ਨੂੰ 12,500 ਅੰਕਾਂ ਦੀ ਯੋਜਨਾ ਦੇ ਤਹਿਤ ਅੰਕ ਦਿੱਤੇ ਜਾਂਦੇ ਹਨ। ਇਸ ਬਦਲਾਅ ਦਾ ਉਦੇਸ਼ ਦੂਜੇ ਸ਼ਹਿਰਾਂ ਨੂੰ ਚੋਟੀ ਦਾ ਸਥਾਨ ਪ੍ਰਾਪਤ ਕਰਨ ਦਾ ਮੌਕਾ ਦੇਣਾ ਹੈ, ਕਿਉਂਕਿ ਕੁਝ ਸ਼ਹਿਰ ਲਗਾਤਾਰ ਚੋਟੀ ਦੇ 3 ’ਚ ਰਹਿਣ ਕਾਰਨ ਮੁਕਾਬਲਾ ਸੀਮਤ ਹੋ ਰਿਹਾ ਸੀ। ਇਸ ਸ਼੍ਰੇਣੀ ਨੂੰ ਪਿਛਲੇ ਸਾਲ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਉਦੋਂ ਸਿਰਫ 12 ਸ਼ਹਿਰ ਇਸ ’ਚ ਸਨ ਪਰ ਹੁਣ ਇਹ ਗਿਣਤੀ 15 ਹੋ ਗਈ ਹੈ।