ਨਾਭਾ : ਨਾਭਾ ਵਿਖੇ ਇਕ ਲੜਕੀ ਨੂੰ ਪੀ. ਆਰ. ਟੀ. ਸੀ. ਬੱਸ ਦੇ ਡਰਾਈਵਰ ਨੇ ਦਰੜ ਦਿੱਤਾ, ਜਿਸ ਕਾਰਨ ਨਰਸਿੰਗ ਦਾ ਕੋਰਸ ਕਰਦੀ 20 ਸਾਲਾ ਸਿਮਰਪ੍ਰੀਤ ਕੌਰ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਦੀ ਬੱਸ ਪਟਿਆਲਾ ਤੋਂ ਮਲੇਰਕੋਟਲਾ ਜਾ ਰਹੀ ਸੀ। ਦੁਲੱਦੀ ਗੇਟ ਚੂੰਗੀ ’ਤੇ ਡਰਾਈਵਰ ਦੀ ਅਣਗਹਿਲੀ ਕਾਰਨ ਉਸ ਦੀਆਂ ਦੋਵੇਂ ਲੱਤਾਂ ਬੱਸ ਦੇ ਟਾਇਰਾਂ ਥੱਲੇ ਆ ਗਈਆਂ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਰਾਈਵਰ ਅਤੇ ਕੁਨੈਕਟਰ ਬੱਸ ਅਤੇ ਮਲੇਰਕੋਟਲੇ ਦੀਆਂ ਸਵਾਰੀਆਂ ਨੂੰ ਛੱਡ ਮੌਕੇ ਤੋਂ ਫਰਾਰ ਹੋ ਗਏ।
ਸਿਮਰਪ੍ਰੀਤ ਦੇ ਪਿਤਾ ਪਰਮਿੰਦਰ ਸਿੰਘ ਬੇਦੀ ਨੇ ਕਿਹਾ ਕਿ ਡਰਾਈਵਰ ਨੇ ਸਿਮਰਪ੍ਰੀਤ ਦੇ ਉਤਰਨ ਉਪਰੰਤ ਬੱਸ ਭਜਾ ਲਈ, ਜਦੋਂ ਕਿ ਹਾਲੇ ਉਹ ਸਹੀ ਢੰਗ ਨਾਲ ਉਤਰੀ ਨਹੀਂ ਸੀ, ਜਿਸ ਕਾਰਨ ਸਿਮਰਪ੍ਰੀਤ ਬੱਸ ਦੇ ਟਾਇਰਾਂ ਥੱਲੇ ਆ ਗਈ। ਮੌਕੇ ’ਤੇ ਮੌਜੂਦ ਸਿਮਰਪ੍ਰੀਤ ਦੀ ਭੈਣ ਸਹਿਜਪ੍ਰੀਤ ਨੇ ਦੱਸਿਆ ਕਿ ਉੱਥੇ ਖੜ੍ਹੇ ਲੋਕਾਂ ਅਤੇ ਮੇਰੇ ਵੱਲੋਂ ਵੀ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਗਿਆ ਪਰ ਉਸ ਨੇ ਇਕ ਨਹੀਂ ਸੁਣੀ ਅਤੇ ਬੱਸ ਤੋਂ ਉਤਰ ਕੇ ਭੱਜ ਗਿਆ। ਪਿਤਾ ਵੱਲੋਂ ਡਰਾਈਵਰ ਅਤੇ ਕੰਡਕਟਰ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਿਮਰਪ੍ਰੀਤ ਦੇ ਗੰਭੀਰ ਜ਼ਖਮੀ ਹੋਣ ਕਾਰਨ ਨਾਭਾ ਦੇ ਸਰਕਾਰੀ ਹਸਪਤਾਲ ’ਚੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਰੈਫਰ ਕੀਤਾ ਗਿਆ। ਕੋਤਵਾਲੀ ਮੁਖੀ ਜਸਵਿੰਦਰ ਸਿੰਘ ਖੋਖਰ ਮੁਤਾਬਕ ਪੜਤਾਲ ਕਰਨ ਉਪਰੰਤ ਡਰਾਈਵਰ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।