ਕਾਂਗਰਸ ਜਨਰਲ ਸਕੱਤਰ ਜੈ ਰਾਮ ਰਮੇਸ਼ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਿਉਂਕਿ ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਦੇ ਦਾਅਵਿਆਂ ਨੂੰ ਲੈ ਕੇ ਤੱਥਾਂ ਦੀ ਜਾਣਕਾਰੀ ਮੰਗੀ ਹੈ। ਜਾਣਕਾਰੀ ਸਾਂਝੀ ਕਰਨ ਲਈ ਜੈਰਾਮ ਰਮੇਸ਼ ਨੂੰ ਐਤਵਾਰ ਸ਼ਾਮ ਸੱਤ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਦਰਅਸਲ ਜੈਰਾਮ ਰਮੇਸ਼ ਨੇ ਇੱਕ ਜੂਨ ਨੂੰ ਐਕਸ ’ਤੇ ਇੱਕ ਪੋਸਟ ਸਾਂਝੀ ਕੀਤੀ। ਪੋਸਟ ’ਚ ਉਨ੍ਹਾਂ ਦਾਅਵਾ ਕਰਦਿਆਂ ਲਿਖਿਆ ਕਿ ਸੱਤਾ ਤੋਂ ਬਾਹਰ ਹੋਣ ਵਾਲੇ ਗ੍ਰਹਿ ਮੰਤਰੀ ਮੰਤਰੀ ਜ਼ਿਲ੍ਹਾਂ ਅਧਿਕਾਰੀਆਂ/ਕਲੈਕਟਰਾਂ ਨਾਲ ਫੋਨ ’ਤੇ ਗੱਲ ਕਰ ਰਹੇ ਹਨ। ਹੁਣ ਤੱਕ ਉਹ (ਗ੍ਰਹਿ ਮੰਤਰੀ) 150 ਨਾਲ ਗੱਲ ਕਰ ਚੁੱਕੇ ਹਨ। ਇਹ ਇੱਕ ਸ਼ਰੇਆਮ ਅਤੇ ਬੇਸ਼ਰਮੀ ਦੀ ਧਮਕੀ ਹੈ ਜੋ ਦਰਸਾਉਂਦੀ ਹੈ ਕਿ ਭਾਜਪਾ ਕਿੰਨੀ ਨਿਰਾਸ਼ ਹੈ। ਪਰ ਲੋਕਾਂ ਦੀ ਇੱਛਾ ਦੀ ਜਿੱਤ ਹੋਵੇਗੀ ਅਤੇ 4 ਜੂਨ ਨੂੰ ਮੋਦੀ, ਸ਼ਾਹ ਅਤੇ ਭਾਜਪਾ ਦਾ ਸਫਾਇਆ ਹੋ ਜਾਵੇਗਾ। ਇੰਡੀਆ ਗਠਜੋੜ ਦੀ ਜਿੱਤ ਹੋਵੇਗੀ। ਅਧਿਕਾਰੀਆਂ ਨੂੰ ਕਿਸੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਸੰਵਿਧਾਨ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਹ ਨਿਗਰਾਨੀ ਹੇਠ ਹਨ।
ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਦੀ ਇਸੇ ਪੋਸਟ ਦਾ ਹਵਾਲਾ ਦੇ ਕੇ ਸਬੂਤ ਮੰਗੇ ਹਨ ਤੇ ਅੱਜ ਯਾਨੀ ਕਿ ਐਤਵਾਰ ਸ਼ਾਮ ਸੱਤ ਵਜੇ ਤੱਕ ਸਬੂਤਾਂ ਨੂੰ ਸਾਂਝਾ ਕਰਨ ਲਈ ਕਿਹਾ ਹੈ।