Become a member

Get the best offers and updates relating to Liberty Case News.

― Advertisement ―

spot_img
spot_img
HomeBig Newsਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ ਦੇ ਬੇੜੇ ਦਾ ਵਿਸਥਾਰ; ਹਰਪਾਲ ਸਿੰਘ...

ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ ਦੇ ਬੇੜੇ ਦਾ ਵਿਸਥਾਰ; ਹਰਪਾਲ ਸਿੰਘ ਚੀਮਾ ਨੇ 5 ਨਵੀਆਂ ਸੁਪਰ ਇੰਟੀਗ੍ਰਲ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

  • *ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਲਈ ਨਵੀਂ ਸੇਵਾ ਪ੍ਰਵਾਸੀ ਭਾਰਤੀਆਂ, ਅੰਤਰਰਾਸ਼ਟਰੀ ਯਾਤਰੀਆਂ ਅਤੇ ਆਮ ਮੁਸਾਫ਼ਰਾਂ ਲਈ ਹੋਵੇਗੀ ਫਾਇਦੇਮੰਦ, ਰੂਟ ‘ਤੇ ਟ੍ਰਾਂਸਪੋਰਟ ਮਾਫੀਆ ਦਾ ਦਬਦਬਾ ਕਰੇਗੀ ਖ਼ਤਮ: ਹਰਪਾਲ ਸਿੰਘ ਚੀਮਾ*
  • *ਪ੍ਰੀਮੀਅਮ ਬੱਸਾਂ ਜਲੰਧਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ਤੋਂ ਸਿੱਧੇ ਆਈ.ਜੀ.ਆਈ. ਹਵਾਈ ਅੱਡੇ ਲਈ ਰੋਜ਼ਾਨਾ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ: ਹਰਪਾਲ ਸਿੰਘ ਚੀਮਾ*
  • *ਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਦਾ ਪਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾ*
  • *ਪਨਬੱਸ ਅਤੇ ਪੀ.ਆਰ.ਟੀ.ਸੀ. ਵਿੱਚ ਸੈਂਕੜੇ ਨਵੀਆਂ ਸਾਧਾਰਨ, ਐਚ.ਵੀ.ਏ.ਸੀ. ਅਤੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਸ਼ਾਮਲ ਹੋਣ ਨਾਲ ਸੂਬੇ ਦੇ ਟ੍ਰਾਂਸਪੋਰਟ ਢਾਂਚੇ ਦਾ ਵੱਡੇ ਪੱਧਰ ‘ਤੇ ਹੋ ਰਿਹਾ ਨਵੀਨੀਕਰਨ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ; 9 ਜੂਨ 2026: ਪੰਜਾਬ ਦੇ ਵਿੱਤ ਅਤੇ ਟ੍ਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਨਬੱਸ ਦੀਆਂ ਪੰਜ ਨਵੀਆਂ ਸੁਪਰ ਇੰਟੀਗ੍ਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਇਸ ਕਦਮ ਦਾ ਉਦੇਸ਼ ਅੰਤਰਰਾਸ਼ਟਰੀ ਯਾਤਰੀਆਂ, ਪ੍ਰਵਾਸੀ ਭਾਰਤੀਆਂ ਅਤੇ ਆਮ ਮੁਸਾਫ਼ਰਾਂ ਨੂੰ ਆਰਾਮਦਾਇਕ, ਸੁਰੱਖਿਅਤ ਅਤੇ ਕਿਫ਼ਾਇਤੀ ਸਫ਼ਰ ਸਹੂਲਤ ਪ੍ਰਦਾਨ ਕਰਨਾ ਹੈ, ਜਿਸ ਨਾਲ ਪੰਜਾਬ ਦੇ ਜਨਤਕ ਟ੍ਰਾਂਸਪੋਰਟ ਨੈੱਟਵਰਕ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਮੌਕੇ ਟ੍ਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਅਹਿਮ ਪਹਿਲਕਦਮੀ ਸੂਬੇ ਵਿੱਚੋਂ ਟ੍ਰਾਂਸਪੋਰਟ ਮਾਫੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਯਾਤਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ।”

ਕੌਮਾਂਤਰੀ ਹਵਾਈ ਅੱਡੇ ਲਈ ਬੱਸ ਸੇਵਾ ਦੇ ਪਿੱਛੇ ਦੀ ਦੂਰਅੰਦੇਸ਼ੀ ਬਾਰੇ ਚਾਨਣਾ ਪਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਅਤੇ ਜਨਤਕ ਟ੍ਰਾਂਸਪੋਰਟ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਹਵਾਈ ਅੱਡੇ ਲਈ ਬੱਸ ਸੇਵਾ ਦੀ ਸ਼ੁਰੂਆਤ ਸਭ ਤੋਂ ਪਹਿਲਾਂ 15 ਜੂਨ 2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਬੱਸ ਅੱਡੇ ਤੋਂ ਕੀਤੀ ਗਈ ਸੀ।

ਟ੍ਰਾਂਸਪੋਰਟ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਆਮ ਜਨਤਾ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਟ੍ਰਾਂਸਪੋਰਟ ਵਿਭਾਗ ਵੱਲੋਂ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗ੍ਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, “ਪਹਿਲੀਆਂ ਪੰਜ ਪ੍ਰੀਮੀਅਮ ਬੱਸਾਂ ਅੱਜ ਸਫਲਤਾਪੂਰਵਕ ਰਵਾਨਾ ਕਰ ਦਿੱਤੀਆਂ ਗਈਆਂ ਹਨ, ਅਤੇ ਬਾਕੀ ਬੱਸਾਂ ਆਉਣ ਵਾਲੇ ਦਿਨਾਂ ਵਿੱਚ ਸਫ਼ਰ ਸਹੂਲਤਾਂ ਅਤੇ ਯਾਤਰੀਆਂ ਦੇ ਆਰਾਮ ਨੂੰ ਹੋਰ ਵਧਾਉਣਗੀਆਂ।”

ਸਮਾਂ ਸਾਰਣੀ ਦੇ ਵੇਰਵੇ ਸਾਂਝੇ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਪੰਜ ਨਵੀਆਂ ਲਗਜ਼ਰੀ ਬੱਸਾਂ ਰੋਜ਼ਾਨਾ ਜਲੰਧਰ ਬੱਸ ਅੱਡੇ ਤੋਂ ਸਵੇਰੇ 06:50, 07:40, 09:10, ਦੁਪਹਿਰ 14:27 ਅਤੇ ਰਾਤ 23:30 ਵਜੇ ਰਵਾਨਾ ਹੋਣਗੀਆਂ, ਜਦੋਂ ਕਿ ਲੁਧਿਆਣਾ ਬੱਸ ਅੱਡੇ ਤੋਂ ਰਵਾਨਗੀ ਦਾ ਸਮਾਂ ਸਵੇਰੇ 08:20, 09:15, 11:20, ਦੁਪਹਿਰ 16:20 ਅਤੇ ਰਾਤ 00:20 ਵਜੇ ਨਿਰਧਾਰਤ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਲਈ ਵਾਪਸੀ ਦੀਆਂ ਸੇਵਾਵਾਂ ਸਵੇਰੇ 04:40, 09:00, ਸ਼ਾਮ 17:20, 19:30 ਅਤੇ ਰਾਤ 21:40 ਵਜੇ ਚੱਲਣਗੀਆਂ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਹੀ ਸਸਤੀਆਂ ਅਤੇ ਕਿਫ਼ਾਇਤੀ ਟਿਕਟ ਦਰਾਂ ‘ਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਆਰਾਮਦਾਇਕ, ਸੁਰੱਖਿਅਤ ਅਤੇ ਸੁਖਾਵੇਂ ਸਫ਼ਰ ਦਾ ਅਨੁਭਵ ਮਿਲ ਸਕੇ।”

ਜਨਤਕ ਟ੍ਰਾਂਸਪੋਰਟ ਦੇ ਆਧੁਨਿਕੀਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਭਰ ਵਿੱਚ ਬੱਸਾਂ ਦੇ ਬੇੜੇ ਦੇ ਵਿਸਥਾਰ ਦਾ ਇੱਕ ਵੱਡਾ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ, “ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਸੰਚਾਲਨ ਵਿੱਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪਨਬੱਸ ਵਿੱਚ 100 ਨਵੀਆਂ ਸਾਧਾਰਨ ਬੱਸਾਂ, 100 ਐਚ.ਵੀ.ਏ.ਸੀ. ਵਾਤਾਅਨੁਕੂਲਿਤ ਬੱਸਾਂ ਅਤੇ ਕਿਲੋਮੀਟਰ ਸਕੀਮ ਅਧੀਨ 10 ਹੋਰ ਸੁਪਰ ਇੰਟੀਗ੍ਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪੀ.ਆਰ.ਟੀ.ਸੀ. ਨੂੰ ਇਸੇ ਸਕੀਮ ਅਧੀਨ 245 ਸਾਧਾਰਨ ਬੱਸਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਨਵੀਆਂ ਬੱਸਾਂ ਪੂਰੇ ਪੰਜਾਬ ਵਿੱਚ ਜਨਤਕ ਟ੍ਰਾਂਸਪੋਰਟ ਸੇਵਾਵਾਂ ਦੀ ਗੁਣਵੱਤਾ, ਪਹੁੰਚ ਅਤੇ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰਨਗੀਆਂ।”

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ-ਕਮ-ਮੈਨੇਜਿੰਗ ਡਾਇਰੈਕਟਰ ਪਨਬੱਸ ਰਾਜੀਵ ਕੁਮਾਰ ਗੁਪਤਾ ਵੀ ਹਾਜ਼ਰ ਸਨ।