ਬਟਾਲਾ ‘ਚ ਇਕ ਭਰਾ ਨੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਭਰਾ ਦੇ ਘਰ ’ਤੇ ਗੋਲੀ ਚਲਾ ਦਿੱਤੀਆਂ। ਇਸ ਦੌਰਾਨ ਲੋਕਾਂ ਨੇ ਘਰ ‘ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਦਾ ਸਮਾਨ ਵੀ ਤੋੜ ਦਿੱਤਾ। ਇਸ ਮਾਮਲੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਫਿਲਹਾਲ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਰੰਗੜ ਨੰਗਲ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਚਾਚਾ ਅਵਤਾਰ ਸਿੰਘ ਨੇ ਕਰੀਬ 5 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ। ਇਸ ਦੇ ਨਾਲ ਹੀ ਤੇਜ਼ਧਾਰ ਹਥਿਆਰਾਂ ਨਾਲ ਘਰ ਦਾ ਗੇਟ ਅਤੇ ਹੋਰ ਸਾਮਾਨ ਦੀ ਭੰਨ-ਤੋੜ ਕੀਤੀ ਗਈ। ਅੰਮ੍ਰਿਤਪਾਲ ਨੇ ਦੱਸਿਆ ਕਿ ਹਮਲੇ ਦਾ ਕਾਰਨ ਸਾਡੇ ਖੇਤਾਂ ਵਿੱਚ ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਰੰਜਿਸ਼ ਸੀ। ਚਾਚਾ ਅਵਤਾਰ ਸਿੰਘ ਟਰਾਂਸਫਾਰਮਰ ਦਾ ਵਿਰੋਧ ਕਰਦਾ ਹੈ, ਜਦੋਂ ਕਿ ਟਰਾਂਸਫਾਰਮਰ ਸਾਡੇ ਖੇਤਾਂ ਵਿੱਚ ਲਗਾਇਆ ਜਾਣਾ ਹੈ। ਇਸੇ ਕਾਰਨ ਰਾਤ ਸਮੇਂ ਚਾਚਾ ਅਵਤਾਰ ਸਿੰਘ ਇੱਕ ਟਰੈਕਟਰ ਲੈ ਕੇ ਆਇਆ ਅਤੇ ਅਣਪਛਾਤੇ ਮੁਲਜ਼ਮਾਂ ਨਾਲ ਮਿਲ ਕੇ ਬਿਜਲੀ ਦਾ ਖੰਭਾ ਤੋੜ ਦਿੱਤਾ ਅਤੇ ਸਾਡੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਗੋਬਿੰਦਪੁਰ ਦੇ ਡੀਐਸਪੀ ਹਰੀ ਕ੍ਰਿਸ਼ਨ ਪੁਲਿਸ ਨਾਲ ਮੌਕੇ ’ਤੇ ਪਹੁੰਚੇ। ਡੀਐਸਪੀ ਨੇ ਦੱਸਿਆ ਕਿ ਯਾਦਪੁਰ ਵਿੱਚ ਰਾਤ ਸਮੇਂ ਗੋਲੀਆਂ ਚਲਾਉਣ ਵਾਲੇ ਅਵਤਾਰ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਅਣਪਛਾਤੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।