4 ਜੂਨ ਨੂੰ ਲੋਕ ਸਭਾ ਚੋਣਾਂ ਦੀ ਗਿਣਤੀ ਤੋਂ ਪਹਿਲਾਂ ਭਜਨ ਗਾਇਕ ਘਨੱਈਆ ਮਿੱਤਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਸ਼ਿਕਾਇਤ ’ਤੇ ਭਜਨ ਗਾਇਕ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਸ਼ਿਕਾਇਤ ਕੀਤੀ ਹੈ ਕਿ ਘਨੱਈਆ ਮਿੱਤਲ ਨੇ ਪਟਿਆਲਾ ਵਿਚ ਭਜਨ ਸੰਧਿਆ ਦੌਰਾਨ ਸਿਆਸੀ ਪ੍ਰਚਾਰ ਕੀਤਾ ਸੀ।
ਭਜਨ ਗਾਇਕ ਵਿਰੁੱਧ ਇਹ ਮਾਮਲਾ ਥਾਣਾ ਲਾਹੌਰੀ ਗੇਟ ’ਚ ਦਰਜ਼ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਤ੍ਰਿਪੜੀ ਬਲਾਕ ਪ੍ਰਧਾਨ ਪਟਿਆਲਾ ਦੇ ਆਨੰਦ ਨਗਰ ਏ ਵਾਸੀ ਲਾਲ ਸਿੰਘ ਵੱਲੋਂ ਇਹ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਘਨੱਈਆ ਮਿੱਤਲ ਨੇ ਰਾਜਪੁਰਾ ਰੋਡ ‘ਤੇ ਭਜਨ ਸੰਧਿਆ ਦੇ ਨਾਂ ’ਤੇ ਖੁੱਲ੍ਹ ਕੇ ਸਿਆਸੀ ਪਾਰਟੀ ਭਾਜਪਾ ਦਾ ਚੋਣ ਪ੍ਰਚਾਰ ਕੀਤਾ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਲਾਲ ਸਿੰਘ ਨੇ ਚੋਣ ਕਮਿਸ਼ਨ ਨੂੰ ਵੀਡੀਓ ਦੇ ਲਿੰਕ ਭੇਜਦਿਆਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ‘ਆਪ’ ਆਗੂ ਨੇ ਵੀਡੀਓ ਦੀ ਜਾਂਚ ਕਰਕੇ ਕਨੱਈਆ ਮਿੱਤਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲਾਲ ਸਿੰਘ ਦਾ ਇਲਜ਼ਾਮ ਹੈ ਕਿ ਭਜਨ ਸੰਧਿਆ ਦੇ ਵਿੱਚ ਸਿਰਫ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ ਨੂੰ ਸੱਦਿਆ ਗਿਆ ਅਤੇ ਭਾਜਪਾ ਆਗੂ ਵੱਲੋਂ ਇਸ ਧਾਰਮਿਕ ਸਟੇਜ ਦਾ ਸਿਆਸੀ ਲਾਹਾ ਲਿਆ ਗਿਆ।